ਸ੍ਰੀ ਚਮਕੌਰ ਸਾਹਿਬ, 6 ਜੁਲਾਈ (ਜਗਮੋਹਣ ਸਿੰਘ ਨਾਰੰਗ)-ਪੰਜਾਬ ਸਰਕਾਰ ਵਲੋਂ ਮੁੜ ਤੋਂ ਲੈਂਡ ਪੂਲਿੰਗ ਨੀਤੀ ਤਹਿਤ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਦੀ ਤਿਆਰੀ ਕਰ ਲਈ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਤਲਵਿੰਦਰ ਸਿੰਘ ਗੱਗੋਂ, ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਰੇਸ਼ਮ ਸਿੰਘ ਅਤੇ ਸਮੁੱਚੀ ਜ਼ਿਲ੍ਹਾ ਕਮੇਟੀ ਵਲੋਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਕਿਸਾਨਾ ਦਾ ਉਜਾੜਾ ਬੰਦ ਕਰੇ ਨਹੀ ਤਾਂ ਇਸ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਇਨ੍ਹਾਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੈਬਨਿਟ ਦੀ ਵਿਸ਼ੇਸ਼ ਮੀਟਿੰਗ ਦੌਰਾਨ ਪੁਰਾਣੀ ਪਾਲਿਸੀ ਚ ਸੋਧਾਂ ਦਾ ਭਰਮ ਭੁਲੇਖਾ ਪਾ ਕੇ ਥੋੜੇ ਜਿਹੇ ਲਾਲਚ ਦੇ ਵਾਧੇ ਨਾਲ ਲੈਂਡ ਪੂਲਿੰਗ ਨੀਤੀ ਤਹਿਤ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਦਾ ਫੈਸਲਾ ਕਰ ਲਿਆ ਹੈ, ਜਿਸ ਦੇ ਵਿਰੋਧ ਵਿਚ ਜਥੇਬੰਦੀ ਨੇ ਜਬਰਦਸਤ ਐਕਸ਼ਨ ਲੈਣ ਦਾ ਫੈਸਲਾ ਕੀਤਾ ਹੈ। ਆਗੂਆਂ ਨੇ ਕਿਹਾ ਕਿ ਇੱਥੇ ਇਹ ਦੱਸਣਾ ਬਣਦਾ ਹੈ ਕਿ ਇਸ ਪਾਲਿਸੀ ਬਾਰੇ ਨਾਂ ਤਾਂ ਕਿਸੇ ਕਿਸਾਨ ਜਥੇਬੰਦੀ ਨਾਲ, ਨਾਂ ਹੀ ਖੇਤੀ ਮਾਹਿਰਾਂ ਨਾਲ ਅਤੇ ਨਾ ਹੀ ਜ਼ਮੀਨਾਂ ਦੇ ਮਾਲਕਾਂ ਨਾਲ ਕੋਈ ਸਲਾਹ ਮਸ਼ਵਰਾ ਕੀਤਾ ਗਿਆ। ਪੰਜਾਬ ਸਰਕਾਰ ਕਿਸਾਨਾ ਨੂੰ ਬੇਜ਼ਮੀਨੇ ਕਰਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ, ਜੋ ਪੰਜਾਬ ਸਰਕਾਰ ਦੇ ਕਿਸਾਨ ਵਿਰੋਧੀ ਚਿਹਰੇ ਨੂੰ ਨੰਗਾ ਕਰ ਰਹੀ ਹੈ। ਭਾਕਿਯ (ਕਾਦੀਆਂ) ਵਲੋਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਥੇਬੰਦੀ ਇਸ ਪਾਲਿਸੀ ਦਾ ਸਖ਼ਤ ਵਿਰੋਧ ਕਰਦਿਆਂ ਡਟਵਾਂ ਵਿਰੋਧ ਕਰੇਗੀ। ਇਸ ਮੌਕੇ ਇਕਬਾਲ ਸਿੰਘ ਸ੍ਰੀ ਚਮਕੌਰ ਸਾਹਿਬ, ਮੀਤ ਪ੍ਰਧਾਨ ਜਸਵੰਤ ਸਿੰਘ ਖਾਬੜਾਂ, ਹਰਿੰਦਰ ਸਿੰਘ ਢਿੱਲੋਂ ਬਲਾਕ ਪ੍ਰਧਾਨ ਸ੍ਰੀ ਚਮਕੌਰ ਸਾਹਿਬ, ਅਮਰਜੀਤ ਸਿੰਘ ਕਕਰਾਲੀ ਪ੍ਰਧਾਨ ਬਲਾਕ ਮੋਰਿੰਡਾ, ਮੋਹਰ ਸਿੰਘ ਖਾਬੜਾ ਬਲਾਕ ਪ੍ਰਧਾਨ ਰੂਪਨਗਰ, ਜਸਪਾਲ ਸਿੰਘ, ਕੁਲਬੀਰ ਸਿੰਘ ਕੰਧੋਲਾ, ਸੁਖਦੀਪ ਸਿੰਘ ਪਪਰਾਲੀ, ਰੁਪਿੰਦਰ ਸਿੰਘ ਰੂਪਾ, ਗੁਰਪਾਲ ਸਿੰਘ, ਬਰਿੰਦਰ ਸਿੰਘ ਬਮਨਾੜਾ ਆਦਿ ਆਗੂ ਵੀ ਹਾਜ਼ਰ ਸਨ।