ਰੂਪਨਗਰ- ਕੁਲਦੀਪ ਕੌਰ ਬੈਂਸ, ਧਰਮ ਪਤਨੀ ਸਵਰਗਵਾਸੀ ਸੂਬੇਦਾਰ ਮੇਜਰ ਹਰਚਰਨ ਸਿੰਘ ਬੈਂਸ (ਪਿੰਡ ਪੰਜੋਲੀ), ਜਿਨ੍ਹਾਂ ਦਾ 1 ਜੁਲਾਈ 2026 ਨੂੰ ਦਿਹਾਂਤ ਹੋ ਗਿਆ ਸੀ, ਆਪਣੇ ਪਿੱਛੇ ਇੱਕ ਸਿੱਖਿਅਤ, ਸੰਸਕਾਰੀ ਅਤੇ ਸਮਾਜ ਸੇਵਾ ਦੀ ਭਾਵਨਾ ਨਾਲ ਜੁੜਿਆ ਪਰਿਵਾਰ ਛੱਡ ਗਏ ਹਨ। ਉਨ੍ਹਾਂ ਦਾ ਜਨਮ 15 ਅਕਤੂਬਰ 1940 ਨੂੰ ਜ਼ਿਲ੍ਹਾ ਲਾਇਲਪੁਰ (ਮੌਜੂਦਾ ਪਾਕਿਸਤਾਨ) ਦੇ ਪਿੰਡ ਚੱਕ ਨੰਬਰ 27 ਵਿਚ ਗੁਰਬਖ਼ਸ਼ ਸਿੰਘ ਗਿੱਲ ਅਤੇ ਮਾਤਾ ਕਰਤਾਰ ਕੌਰ ਦੇ ਘਰ ਹੋਇਆ। ਉਨ੍ਹਾਂ ਦਾ ਪੇਕਾ ਤੇ ਸਹੁਰਾ ਪਰਿਵਾਰ ਦੇਸ਼-ਭਗਤੀ ਅਤੇ ਸਮਾਜਿਕ ਸੇਵਾ ਦੀਆਂ ਉੱਚਿਆਂ ਪਰੰਪਰਾਵਾਂ ਨਾਲ ਜੁੜਿਆ ਰਿਹਾ। ਉਨ੍ਹਾਂ ਦੇ ਦਾਦਾ ਜਥੇਦਾਰ ਨਸੀਬ ਸਿੰਘ ਗਿੱਲ ਸੁਤੰਤਰਤਾ ਸੰਗਰਾਮੀ ਸਨ, ਜਿਨ੍ਹਾਂ ਨੇ ਗੁਰਦੁਆਰਾ ਨਨਕਾਣਾ ਸਾਹਿਬ ਮੋਰਚਾ, ਚਾਬੀਆਂ ਦਾ ਮੋਰਚਾ ਤੇ ਪੰਜਾਬੀ ਸੂਬਾ ਮੋਰਚੇ ਸਮੇਤ ਕਈ ਇਤਿਹਾਸਕ ਸੰਘਰਸ਼ਾਂ ਵਿਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੇ ਪਤੀ ਸੂਬੇਦਾਰ ਮੇਜਰ ਹਰਚਰਨ ਸਿੰਘ ਬੈਂਸ ਨੇ ਭਾਰਤੀ ਫ਼ੌਜ ਵਿਚ ਸੇਵਾ ਨਿਭਾਉਂਦਿਆਂ 1965 ਅਤੇ 1971 ਦੀਆਂ ਜੰਗਾਂ ਵਿਚ ਸ਼ਾਨਦਾਰ ਯੋਗਦਾਨ ਪਾਇਆ। ਕੁਲਦੀਪ ਕੌਰ ਬੈਂਸ ਦੇ ਪਰਿਵਾਰ ਨੇ ਸਿੱਖਿਆ, ਪ੍ਰਸ਼ਾਸਨ, ਨਿਆਂਪਾਲਿਕਾ ਅਤੇ ਵਿਦੇਸ਼ਾਂ ਵਿਚ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਦੇ ਵੱਡੇ ਪੁੱਤਰ ਰਣਜੀਤ ਸਿੰਘ ਬੈਂਸ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿਚ ਡੀ.ਡੀ.ਪੀ.ਓ. ਵਜੋਂ ਸੇਵਾ ਮੁਕਤ ਹੋਏ ਹਨ। ਦੂਜੇ ਪੁੱਤਰ ਇੰਦਰਜੀਤ ਸਿੰਘ ਆਪਣੇ ਪਰਿਵਾਰ ਸਮੇਤ ਅਮਰੀਕਾ ਵਿਚ ਸਫਲ ਕਾਰੋਬਾਰੀ ਹਨ, ਜਦਕਿ ਤੀਜੇ ਪੁੱਤਰ ਕਰਮਜੀਤ ਸਿੰਘ ਬੈਂਸ ਉਦਯੋਗਿਕ ਖੇਤਰ ਵਿਚ ਉੱਚ ਅਹੁਦੇ ‘ਤੇ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਦੀ ਪੁੱਤਰੀ ਪਰਮਜੀਤ ਕੌਰ ਸੇਖੋਂ ਦਾ ਪਰਿਵਾਰ ਵੀ ਖੇਤੀਬਾੜੀ ਖੇਤਰ ਵਿਚ ਵਿਸ਼ੇਸ਼ ਪਛਾਣ ਰੱਖਦਾ ਹੈ। ਮਾਤਾ ਜੀ ਦੀ ਪੋਤਰੀ ਤਰਨਦੀਪ ਕੌਰ ਪੰਜਾਬ ਵਿਚ ਬਤੌਰ ਜੁਡੀਸ਼ੀਅਲ ਮਜਿਸਟਰੇਟ ਵਜੋਂ ਤਾਇਨਾਤ ਹਨ , ਜਦੋਂ ਕਿ ਇੱਕ ਪੋਤਰਾ ਰਿਪੂਦਮਨ ਸਿੰਘ ਕਨੇਡਾ ਵਿਚ ਇੰਜੀਨੀਅਰਿੰਗ ਖੇਤਰ ਵਿਚ ਵਧੀਆ ਸੇਵਾਵਾਂ ਅਦਾ ਕਰ ਰਿਹਾ ਹੈ । ਸ੍ਰੀਮਤੀ ਕੁਲਦੀਪ ਕੌਰ ਬੈਂਸ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 10 ਜੁਲਾਈ 2026 ਨੂੰ ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣ ਵਿਖੇ ਦੁਪਹਿਰ 12:00 ਤੋਂ 1:00 ਵਜੇ ਤੱਕ ਹੋਵੇਗਾ, ਜਿੱਥੇ ਪਰਿਵਾਰਕ ਮੈਂਬਰ, ਸਨੇਹੀ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਉਨ੍ਹਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਨਗੀਆਂ। -ਸਤਨਾਮ ਸਿੰਘ ਸੱਤੀ 09ਆਰਪੀਆਰ31 ਮਾਤਾ ਕੁਲਦੀਪ ਕੌਰ ਬੈਂਸ ।