ਔਰਾ ਬਿਲਡਟੈੱਕ ਦੇ ਸਾਬਕਾ ਸੇਲਜ਼ ਡਾਇਰੈਕਟਰ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ
ਜ਼ੀਰਕਪੁਰ, 1 ਅਗਸਤ (ਮਨਿੰਦਰ ਸਿੰਘ)-ਜ਼ੀਰਕਪੁਰ ਦੇ ਨਾਭਾ ਸਾਹਿਬ ਹਾਈ ਗਰਾਊਂਡ ਖੇਤਰ ਸਥਿਤ ‘ਔਰਾ ਗਜ਼ਾਨੀਆ’ ਰਿਹਾਇਸ਼ੀ ਪ੍ਰਾਜੈਕਟ ‘ਚ ਫਲੈਟਾਂ ਦੀ ਖ਼ਰੀਦ ਦੇ ਨਾਂਅ ‘ਤੇ ਕਰੋੜਾਂ ਰੁ. ਦੀ ਕਥਿਤ ਧੋਖਾਧੜੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਜ਼ੀਰਕਪੁਰ, 1 ਅਗਸਤ (ਮਨਿੰਦਰ ਸਿੰਘ)-ਜ਼ੀਰਕਪੁਰ ਦੇ ਨਾਭਾ ਸਾਹਿਬ ਹਾਈ ਗਰਾਊਂਡ ਖੇਤਰ ਸਥਿਤ ‘ਔਰਾ ਗਜ਼ਾਨੀਆ’ ਰਿਹਾਇਸ਼ੀ ਪ੍ਰਾਜੈਕਟ ‘ਚ ਫਲੈਟਾਂ ਦੀ ਖ਼ਰੀਦ ਦੇ ਨਾਂਅ ‘ਤੇ ਕਰੋੜਾਂ ਰੁ. ਦੀ ਕਥਿਤ ਧੋਖਾਧੜੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਦੀ ਜਾਂਚ ਤੋਂ ਬਾਅਦ ਐੱਸ. ਐੱਸ. ਪੀ. ਮੁਹਾਲੀ ਦੇ ਹੁਕਮਾਂ ‘ਤੇ ਥਾਣਾ ਜ਼ੀਰਕਪੁਰ ਵਿਖੇ ਔਰਾ ਬਿਲਡਟੈੱਕ ਪ੍ਰਾ. ਲਿ. ਦੇ ਸਾਬਕਾ ਸੇਲਜ਼ ਡਾਇਰੈਕਟਰ ਮਨਪ੍ਰੀਤ ਸਿੰਘ ਬਖ਼ਸ਼ੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਹਰਿਆਣਾ ਦੇ ਸ਼ਾਹਬਾਦ ਮਾਰਕੰਡਾ ਦੀਆਂ ਰਹਿਣ ਵਾਲੀਆਂ ਦੋ ਭੈਣਾਂ ਸ਼ੀਨੂ ਅਤੇ ਡੌਲੀ ਨੇ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਨੇ ਪ੍ਰਾਜੈਕਟ ‘ਚ 16 ਰਿਹਾਇਸ਼ੀ ਫਲੈਟਾਂ ਲਈ ਕਰੋੜਾਂ ਰੁ. ਦਾ ਨਿਵੇਸ਼ ਕੀਤਾ ਸੀ, ਪਰ ਨਾ ਤਾਂ ਉਨ੍ਹਾਂ ਨੂੰ ਫਲੈਟਾਂ ਦੀ ਰਜਿਸਟਰੀ ਕਰਵਾਈ ਗਈ ਅਤੇ ਨਾ ਹੀ ਕਬਜ਼ਾ ਦਿੱਤਾ ਗਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਕਥਿਤ ਤੌਰ ‘ਤੇ ਸ਼ਿਕਾਇਤਕਰਤਾਵਾਂ ਤੋਂ ਰਕਮ ਕੰਪਨੀ ਦੇ ਖਾਤਿਆਂ ਦੀ ਬਜਾਏ ਨਿੱਜੀ ਬੈਂਕ ਖਾਤਿਆਂ ‘ਚ ਟਰਾਂਸਫਰ ਕਰਵਾਈ ਗਈ। ਕੰਪਨੀ ਦੇ ਡਾਇਰੈਕਟਰ ਗੋਪਾਲ ਗਰੋਵਰ ਨੇ ਪੁਲਿਸ ਨੂੰ ਦੱਸਿਆ ਕਿ ਮਨਪ੍ਰੀਤ ਸਿੰਘ ਬਖ਼ਸ਼ੀ ਨੂੰ ਅਲਾਟਮੈਂਟ ਲੈਟਰ ਜਾਰੀ ਕਰਨ ਜਾਂ ਗ੍ਰਾਹਕਾਂ ਤੋਂ ਰਕਮ ਪ੍ਰਾਪਤ ਕਰਨ ਦਾ ਕੋਈ ਅਧਿਕਾਰ ਨਹੀਂ ਸੀ। ਜਾਂਚ ‘ਚ ਰੇਰਾ ਕੋਲ ਪੇਸ਼ ਕੀਤੀ ਗਈ ਰਸੀਦ ਨੰ. 649 ਵੀ ਕਥਿਤ ਤੌਰ ‘ਤੇ ਜਾਅਲੀ ਪਾਈ ਗਈ। ਪੁਲਿਸ ਨੇ ਸਬੂਤਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।