ਏ. ਟੀ. ਐਸ. ਪ੍ਰੀਲਿਊਡ ਦੇ ਵਸਨੀਕਾਂ ਨੇ ਪ੍ਰਸ਼ਾਸਨ ਤੋਂ ਆਰ. ਡਬਲਿਊ. ਏ. ਦੀ ਦੁਬਾਰਾ ਚੋਣ ਕਰਵਾਉਣ ਦੀ ਕੀਤੀ ਮੰਗ
ਡੇਰਾਬੱਸੀ, 1 ਅਗਸਤ (ਗੁਰਮੀਤ ਸਿੰਘ)- ਡੇਰਾਬੱਸੀ ਦੀ ਨਾਮੀ ਏ. ਟੀ.
ਡੇਰਾਬੱਸੀ, 1 ਅਗਸਤ (ਗੁਰਮੀਤ ਸਿੰਘ)- ਡੇਰਾਬੱਸੀ ਦੀ ਨਾਮੀ ਏ. ਟੀ. ਐਸ. ਪ੍ਰੀਲਿਊਡ ਸੁਸਾਇਟੀ ਦੇ ਵਸਨੀਕਾਂ ਨੇ ਮੌਜੂਦਾ ਰੈਜ਼ੀਡੈਂਟ ਵੈੱਲਫ਼ੇਅਰ ਐਸੋਸੀਏਸ਼ਨ (ਆਰ. ਡਬਲਿਊ. ਏ.) ਦੀ ਕਾਰਜਕਾਰਨੀ ‘ਤੇ ਕਥਿਤ ਤੌਰ ‘ਤੇ ਨਿਯਮਾਂ ਦੀ ਉਲੰਘਣਾ ਕਰਕੇ ਸੁਸਾਇਟੀ ਦਾ ਸੰਚਾਲਨ ਕਰਨ ਦੇ ਦੋਸ਼ ਲਗਾਉਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ। ਵਸਨੀਕਾਂ ਦਾ ਦਾਅਵਾ ਹੈ ਕਿ ਕਾਰਜਕਾਰਨੀ ਦਾ ਕਾਰਜਕਾਲ ਖ਼ਤਮ ਹੋ ਚੁੱਕਾ ਹੈ ਅਤੇ ਸਮਰੱਥ ਅਥਾਰਟੀ ਵਲੋਂ ਚੋਣਾਂ ਕਰਵਾਉਣ ਦੇ ਨਿਰਦੇਸ਼ ਜਾਰੀ ਹੋਣ ਦੇ ਬਾਵਜੂਦ ਵੀ ਮੌਜੂਦਾ ਕਮੇਟੀ ਦੇ ਮੈਂਬਰ ਅਜੇ ਤੱਕ ਆਪਣੇ ਅਹੁਦਿਆਂ ‘ਤੇ ਕਾਇਮ ਹਨ। ਵਸਨੀਕਾਂ ਦਾ ਕਹਿਣਾ ਹੈ ਕਿ ਸੁਸਾਇਟੀ ‘ਚ ਲੋਕਤੰਤਰੀ ਪ੍ਰਣਾਲੀ ਨੂੰ ਨਜ਼ਰਅੰਦਾਜ਼ ਕਰਦੇ ਹੋਏ ਇਕਤਰਫ਼ਾ ਫ਼ੈਸਲੇ ਲਏ ਜਾ ਰਹੇ ਹਨ, ਜਿਸ ਕਾਰਨ ਸੈਂਕੜੇ ਪਰਿਵਾਰਾਂ ‘ਚ ਰੋਸ, ਬੇਭਰੋਸਗੀ ਅਤੇ ਮਾਨਸਿਕ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਵਸਨੀਕਾਂ ਨੇ ਇਹ ਵੀ ਦੋਸ਼ ਲਗਾਇਆ ਕਿ ਵਾਹਨਾਂ ‘ਤੇ ਕਥਿਤ ਤੌਰ ‘ਤੇ ਗ਼ੈਰਕਾਨੂੰਨੀ ਢੰਗ ਨਾਲ ਕਲੈਂਪ ਲਗਾ ਕੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜਨਰਲ ਬਾਡੀ ਦੀ ਮਨਜ਼ੂਰੀ ਤੋਂ ਬਿਨਾਂ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਹਨ ਅਤੇ ਵਿੱਤੀ ਤੇ ਪ੍ਰਸ਼ਾਸਕੀ ਮਾਮਲਿਆਂ ‘ਚ ਵੀ ਪਾਰਦਰਸ਼ਤਾ ਦੀ ਘਾਟ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਮਰੱਥ ਅਥਾਰਟੀ ਦੇ ਹੁਕਮਾਂ ਦੇ ਬਾਵਜੂਦ ਮੌਜੂਦਾ ਕਮੇਟੀ ਵਲੋਂ ਚੋਣਾਂ ਕਰਵਾਉਣ ਤੋਂ ਟਾਲ-ਮਟੋਲ ਕੀਤੀ ਜਾ ਰਹੀ ਹੈ। ਡੇਰਾਬੱਸੀ ਸਮਾਲ ਸਕੇਲ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਏ. ਟੀ. ਐਸ. ਪ੍ਰੀਲਿਊਡ ਦੇ ਵਸਨੀਕ ਗੁਰਜੀਤ ਸਿੰਘ ਕੋਹਲੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਾਮਲੇ ‘ਚ ਤੁਰੰਤ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੌਜੂਦਾ ਕਾਰਜਕਾਰਨੀ ਕੋਲ ਕਾਨੂੰਨੀ ਅਧਿਕਾਰ ਨਹੀਂ ਹਨ ਅਤੇ ਫਿਰ ਵੀ ਉਹ ਸੁਸਾਇਟੀ ਦਾ ਸੰਚਾਲਨ ਕਰ ਰਹੀ ਹੈ ਤਾਂ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਕਰਵਾ ਕੇ ਲੋੜ ਪੈਣ ‘ਤੇ ਸੁਸਾਇਟੀ ਦਾ ਪ੍ਰਬੰਧ ਅਸਥਾਈ ਤੌਰ ‘ਤੇ ਪ੍ਰਸ਼ਾਸਕ ਦੇ ਹਵਾਲੇ ਕੀਤਾ ਜਾਵੇ ਅਤੇ ਨਿਰਪੱਖ, ਪਾਰਦਰਸ਼ੀ ਅਤੇ ਸਮੇਂ ਸਿਰ ਚੋਣਾਂ ਕਰਵਾਈਆਂ ਜਾਣ। ਇਸ ਦੇ ਨਾਲ ਹੀ ਨਵੀਂ ਚੁਣੀ ਗਈ ਆਰ. ਡਬਲਿਊ. ਏ. ਦੇ ਗਠਨ ਤੱਕ ਕਿਸੇ ਵੀ ਵਿਵਾਦਤ ਜਾਂ ਇਕਤਰਫ਼ਾ ਕਾਰਵਾਈ ‘ਤੇ ਰੋਕ ਲਗਾਈ ਜਾਵੇ। ਵਸਨੀਕਾਂ ਨੇ ਆਸ ਜਤਾਈ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਜਲਦ ਕਾਰਵਾਈ ਕਰਕੇ ਸੁਸਾਇਟੀ ‘ਚ ਕਾਨੂੰਨ ਦਾ ਰਾਜ, ਪਾਰਦਰਸ਼ਤਾ ਅਤੇ ਲੋਕਤੰਤਰੀ ਵਿਵਸਥਾ ਨੂੰ ਮੁੜ ਬਹਾਲ ਕਰੇਗਾ। ਇਸ ਤੋਂ ਇਲਾਵਾ ਵਸਨੀਕਾਂ ਵਲੋਂ ਸੁਸਾਇਟੀ ਦਾ ਬੈਂਕ ਖਾਤਾ ਸੀਜ਼ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਕਿ ਮੌਜੂਦਾ ਕਮੇਟੀ ਵਲੋਂ ਕੋਈ ਲੈਣ-ਦੇਣ ਨਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਸੰਬੰਧ ‘ਚ ਬੈਂਕ ਨੂੰ ਪੱਤਰ ਵੀ ਲਿਖਿਆ ਗਿਆ ਹੈ।