ਰਾਹਗੀਰਾਂ ਦੀ ਗੁਹਾਰ : ਸਰਕਾਰ ਜੀ ਰਸਤਾ ਦਿਓ ਸੰਵਾਰ
ਲਾਲੜੂ, 1 ਅਗਸਤ (ਰਾਜਬੀਰ ਸਿੰਘ)- ‘ਰਾਹਗੀਰਾਂ ਦੀ ਗੁਹਾਰ- ਸਰਕਾਰ ਜੀ ਰਸਤਾ ਦਿਓ ਸੰਵਾਰ’ ਦੀ ਹੂਕ ਧਰਮਗੜ੍ਹ ਸੰਪਰਕ ਸੜਕ ਦੀ ਹਾਲਤ ਦੇਖ ਕੇ ਲੋਕਾਂ ਦੇ ਮੂੰਹੋਂ ਆਮ ਸੁਣਨ ਨੂੰ ਮਿਲ ਰਹੀ ਹੈ । ਲਾਲੜੂ-ਧਰਮਗੜ੍ਹ ਸੰਪਰਕ ਸੜਕ ਦੀ ਖਸਤਾ ਹਾਲਤ ਕਾਰਨ ਇਲਾਕੇ ਦੇ ਲੋਕਾਂ ਅਤੇ ਰੋਜ਼ਾਨਾ ਇਸ ਮਾਰਗ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ
ਸਥਾਨਕ ਵਸਨੀਕਾਂ ਵਲੋਂ ਸੜਕ ‘ਤੇ ਬਣੇ ਖੱਡੇ ਨੂੰ ਪੂਰਨ ਲਈ ਪਾਇਆ ਗਿਆ ਮਲਬਾ। ਤਸਵੀਰ : ਰਾਜਬੀਰ ਸਿੰਘ
02-08-2026
ਲਾਲੜੂ, 1 ਅਗਸਤ (ਰਾਜਬੀਰ ਸਿੰਘ)- ‘ਰਾਹਗੀਰਾਂ ਦੀ ਗੁਹਾਰ- ਸਰਕਾਰ ਜੀ ਰਸਤਾ ਦਿਓ ਸੰਵਾਰ’ ਦੀ ਹੂਕ ਧਰਮਗੜ੍ਹ ਸੰਪਰਕ ਸੜਕ ਦੀ ਹਾਲਤ ਦੇਖ ਕੇ ਲੋਕਾਂ ਦੇ ਮੂੰਹੋਂ ਆਮ ਸੁਣਨ ਨੂੰ ਮਿਲ ਰਹੀ ਹੈ । ਲਾਲੜੂ-ਧਰਮਗੜ੍ਹ ਸੰਪਰਕ ਸੜਕ ਦੀ ਖਸਤਾ ਹਾਲਤ ਕਾਰਨ ਇਲਾਕੇ ਦੇ ਲੋਕਾਂ ਅਤੇ ਰੋਜ਼ਾਨਾ ਇਸ ਮਾਰਗ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ‘ਤੇ ਥਾਂ-ਥਾਂ ਡੂੰਘੇ ਟੋਏ ਪਏ ਹੋਏ ਹਨ, ਜਦਕਿ ਹਾਲੀਆ ਬਰਸਾਤਾਂ ਕਾਰਨ ਇਨ੍ਹਾਂ ਟੋਆਂ ‘ਚ ਪਾਣੀ ਭਰਨ ਨਾਲ ਸਥਿਤੀ ਹੋਰ ਵੀ ਖ਼ਰਾਬ ਹੋ ਗਈ ਹੈ। ਪਾਣੀ ਖੜ੍ਹਾ ਹੋਣ ਕਾਰਨ ਵਾਹਨ ਚਾਲਕਾਂ ਨੂੰ ਟੋਆਂ ਦੀ ਗਹਿਰਾਈ ਦਾ ਅੰਦਾਜਾ ਨਹੀਂ ਲੱਗਦਾ, ਜਿਸ ਕਾਰਨ ਹਰ ਸਮੇਂ ਹਾਦਸਿਆਂ ਦਾ ਖਦਸ਼ਾ ਬਣਿਆ ਰਹਿੰਦਾ ਹੈ। ਭਾਜਪਾ ਦੇ ਸੀਨੀਅਰ ਆਗੂ ਰਾਜੀਵ ਸ਼ਰਮਾ ਸਮੇਤ ਰਾਹਗੀਰਾਂ ਦਾ ਕਹਿਣਾ ਹੈ ਕਿ ਕਈ ਵਾਰ ਸੰਬੰਧਿਤ ਵਿਭਾਗ ਅਤੇ ਸਰਕਾਰ ਦਾ ਧਿਆਨ ਇਸ ਸਮੱਸਿਆ ਵੱਲ ਦਿਵਾਇਆ ਜਾ ਚੁੱਕਾ ਹੈ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਰਕਾਰੀ ਅਣਗਹਿਲੀ ਤੋਂ ਤੰਗ ਆ ਕੇ ਕੁਝ ਲੋਕਾਂ ਨੇ ਆਪਣੇ ਪੱਧਰ ‘ਤੇ ਮਲਬਾ ਅਤੇ ਰੋੜੀ ਸੁੱਟ ਕੇ ਟੋਏ ਭਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਰਾਹਗੀਰਾਂ ਨੂੰ ਕੁਝ ਹੱਦ ਤੱਕ ਰਾਹਤ ਮਿਲ ਸਕੇ । ਉਨ੍ਹਾਂ ਦੱਸਿਆ ਕਿ ਇਸ ਸੜਕ ਤੋਂ ਰੋਜ਼ਾਨਾ ਸਕੂਲੀ ਵਿਦਿਆਰਥੀ, ਬਜ਼ੁਰਗ, ਬਿਮਾਰ ਵਿਅਕਤੀ ਅਤੇ ਸੈਂਕੜੇ ਦੋ-ਪਹੀਆ ਤੇ ਚਾਰ ਪਹੀਆ ਵਾਹਨ ਲੰਘਦੇ ਹਨ । ਰਾਤ ਦੇ ਸਮੇਂ ਸੜਕ ਦੀ ਮਾੜੀ ਹਾਲਤ ਹੋਰ ਵੀ ਖ਼ਤਰਨਾਕ ਬਣ ਜਾਂਦੀ ਹੈ ਅਤੇ ਕਈ ਰਾਹਗੀਰ ਟੋਆਂ ‘ਚ ਵਾਹਨ ਫਸਣ ਜਾਂ ਸੰਤੁਲਨ ਵਿਗੜਨ ਕਾਰਨ ਸੱਟਾਂ ਖਾ ਰਹੇ ਹਨ। ਵਾਹਨਾਂ ਦੇ ਟਾਇਰ ਪੰਚਰ ਹੋਣਾ ਅਤੇ ਸਸਪੈਂਸ਼ਨ ਸਮੇਤ ਹੋਰਨਾਂ ਪੁਰਜ਼ਿਆਂ ਨੂੰ ਨੁਕਸਾਨ ਪੁੱਜਣਾ ਆਮ ਗੱਲ ਬਣ ਚੁੱਕੀ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਲਾਲੜੂ-ਧਰਮਗੜ੍ਹ ਸੰਪਰਕ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਇਸ ਨੂੰ ਨਵੇਂ ਸਿਰੇ ਤੋਂ ਬਣਾਇਆ ਜਾਵੇ ਤਾਂ ਜੋ ਰਾਹਗੀਰਾਂ ਨੂੰ ਸੁਰੱਖਿਅਤ ਆਵਾਜਾਈ ਦੀ ਸਹੂਲਤ ਮਿਲ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਇਸ ਸਮੱਸਿਆ ਦਾ ਹੱਲ ਨਾ ਕੱਢਿਆ ਗਿਆ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਦੀ ਹੋਵੇਗੀ। ਉਧਰ ਦੂਜੇ ਪਾਸੇ ਸੰਪਰਕ ਕਰਨ ‘ਤੇ ਨਗਰ ਕੌਂਸਲ ਲਾਲੜੂ ਦੇ ਕਾਰਜ ਸਾਧਕ ਅਫ਼ਸਰ ਅਸ਼ੋਕ ਪਥਰੀਆ ਨੇ ਕਿਹਾ ਕਿ ਨਗਰ ਕੌਂਸਲ ਅਧੀਨ ਪੈਂਦੀਆਂ ਸਾਰੀਆਂ ਸੰਪਰਕ ਸੜਕਾਂ ਮੰਡੀਕਰਨ ਬੋਰਡ ਦੇ ਅਧੀਨ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਉਹ ਜਲਦ ਸੜਕ ਨਹੀਂ ਬਣਾਉਂਦੇ ਤਾਂ ਨਗਰ ਕੌਂਸਲ ਇਸ ਸੜਕ ‘ਤੇ ਪੈਚ ਵਰਕ ਕਰਵਾ ਦੇਵੇਗੀ। ਦੂਜੇ ਪਾਸੇ ਪੰਜਾਬ ਮੰਡੀ ਬੋਰਡ ਮੁਹਾਲੀ ਦੇ ਐਸ. ਡੀ. ਓ. ਪਲਿੰਦਰ ਸਿੰਘ ਨੇ ਕਿਹਾ ਕਿ ਧਰਮਗੜ੍ਹ ਸੰਪਰਕ ਸੜਕ ਦਾ ਟੈਂਡਰ ਹੋ ਚੁੱਕਾ ਹੈ ਅਤੇ ਜਦੋਂ ਵੀ ਫ਼ੰਡ ਮਿਲਣਗੇ, ਉਦੋਂ ਹੀ ਇਸ ਸੜਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।