ਰੂਪਨਗਰ, 29 ਜੁਲਾਈ (ਸਤਨਾਮ ਸਿੰਘ ਸੱਤੀ)-ਰੋਟਰੀ ਕਲੱਬ ਰੂਪਨਗਰ ਵਲੋਂ ਸਿਵਲ ਹਸਪਤਾਲ ਰੂਪਨਗਰ ਵਿਖੇ ‘ਸਾਖਾ’ ਪ੍ਰੋਜੈਕਟ ਤਹਿਤ ਟੀ.ਬੀ. ਮਰੀਜ਼ਾਂ ਨੂੰ ਪ੍ਰੋਟੀਨ ਭਰਪੂਰ ਪੋਸ਼ਣ ਕਿੱਟਾਂ ਵੰਡੀਆਂ ਗਈਆਂ। ਇਸ ਉਪਰਾਲੇ ਦਾ ਮਕਸਦ ਮਰੀਜ਼ਾਂ ਨੂੰ ਲੰਬੇ ਇਲਾਜ ਦੌਰਾਨ ਲੋੜੀਂਦਾ ਪੌਸ਼ਟਿਕ ਆਹਾਰ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਲਿਆਉਣਾ ਹੈ। ਇਸ ਮੌਕੇ ਰੋਟਰੀ ਮੈਂਬਰਾਂ ਨੇ ਕਿਹਾ ਕਿ ਕੁਪੋਸ਼ਣ ਟੀ.ਬੀ. ਦੇ ਇਲਾਜ ਵਿਚ ਇੱਕ ਵੱਡੀ ਚੁਣੌਤੀ ਹੈ ਅਤੇ ਸੰਤੁਲਿਤ ਖੁਰਾਕ ਨਾਲ ਰੋਗ-ਪ੍ਰਤੀਰੋਧਕ ਸਮਰੱਥਾ ਵਧਦੀ ਹੈ, ਦਵਾਈਆਂ ਦਾ ਪ੍ਰਭਾਵ ਬਿਹਤਰ ਹੁੰਦਾ ਹੈ ਅਤੇ ਮਰੀਜ਼ ਜਲਦੀ ਸਿਹਤਯਾਬ ਹੁੰਦੇ ਹਨ। ਵੰਡੀਆਂ ਗਈਆਂ ਕਿੱਟਾਂ ਵਿਚ ਪ੍ਰੋਟੀਨ, ਵਿਟਾਮਿਨ ਅਤੇ ਹੋਰ ਜ਼ਰੂਰੀ ਪੋਸ਼ਕ ਤੱਤਾਂ ਨਾਲ ਭਰਪੂਰ ਸਮੱਗਰੀ ਸ਼ਾਮਲ ਸੀ। ਰੋਟਰੀ ਕਲੱਬ ਰੂਪਨਗਰ ਦੀ ਪ੍ਰਧਾਨ ਰੋਟੇਰੀਅਨ ਗਗਨ ਸੈਣੀ ਨੇ ਕਿਹਾ ਕਿ ਟੀ.ਬੀ. ਨੂੰ ਹਰਾਉਣ ਲਈ ਦਵਾਈ ਦੇ ਨਾਲ-ਨਾਲ ਪੌਸ਼ਟਿਕ ਆਹਾਰ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਹ ਉਪਰਾਲਾ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਲਈ ਵੀ ਵੱਡੀ ਰਾਹਤ ਸਾਬਤ ਹੋਵੇਗਾ। ਰੋਟਰੀ ਕਲੱਬ ਨੇ ਦੁਹਰਾਇਆ ਕਿ ਉਹ ਸਮਾਜ ਦੀ ਭਲਾਈ ਅਤੇ ਟੀ.ਬੀ.-ਮੁਕਤ ਰੂਪਨਗਰ ਦੇ ਨਿਰਮਾਣ ਲਈ ਲਗਾਤਾਰ ਕੰਮ ਕਰਦਾ ਰਹੇਗਾ। ਅੰਤ ਵਿਚ ਕਲੱਬ ਵਲੋਂ ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ, ਸਮੂਹ ਹਸਪਤਾਲ ਸਟਾਫ਼ ਅਤੇ ਸਾਰੇ ਰੋਟੇਰੀਅਨ ਮੈਂਬਰਾਂ ਦਾ ਇਸ ਮਨੁੱਖਤਾ ਭਰਪੂਰ ਪ੍ਰੋਜੈਕਟ ਨੂੰ ਸਫਲ ਬਣਾਉਣ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।