ਅਜਨਾਲਾ, 28 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਪਾਰਟੀ ਦੀ ਮਜ਼ਬੂਤੀ ਅਤੇ ਆਉਣ ਵਾਲੀਆਂ ਸਰਗਰਮੀਆਂ ਨੂੰ ਲੈ ਕੇ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਤੇ ਕੌਮੀ ਬੁਲਾਰੇ ਜਸਕਰਨ ਸਿੰਘ ਰਿਆੜ ਦੇ ਗ੍ਰਹਿ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿਚ ਸੰਸਦ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ | ਮੀਟਿੰਗ ਦੌਰਾਨ ਪਾਰਟੀ ਨੂੰ ਪਿੰਡ ਪੱਧਰ ਤੱਕ ਮਜ਼ਬੂਤ ਕਰਨ, ਨੌਜਵਾਨਾਂ ਨੂੰ ਵੱਧ ਤੋਂ ਵੱਧ ਪਾਰਟੀ ਨਾਲ ਜੋੜਨ ਅਤੇ ਲੋਕ ਮੁੱਦਿਆਂ ਨੂੰ ਡਟ ਕੇ ਉਠਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ਤੋਂ ਪਹਿਲਾਂ ਅਜਨਾਲਾ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਬਿਨਾਂ ਕਿਸੇ ਕਸੂਰ ਦੇ ਭਾਈ ਅੰਮਿ੍ਤਪਾਲ ਸਿੰਘ ਸਮੇਤ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਨੂੰ ਲੰਬੇ ਸਮੇਂ ਤੋਂ ਜੇਲ੍ਹਾਂ ਵਿਚ ਰੱਖ ਕੇ ਸਿੱਖ ਕੌਮ ਨੂੰ ਗ਼ੁਲਾਮ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਅਤੇ ਕਈ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਰਿਹਾਈ ਦੀ ਉਡੀਕ ਕਰ ਰਹੇ ਹਨ | ਉਨ੍ਹਾਂ ਅੱਗੇ ਕਿਹਾ ਕਿ ਇਕ ਪਾਸੇ ਬਲਾਤਕਾਰ ਵਰਗੇ ਗੰਭੀਰ ਮਾਮਲਿਆਂ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੂੰ ਸਰਕਾਰ ਵਲੋਂ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਪੈਰੋਲ ਦਿੱਤੀ ਜਾਂਦੀ ਹੈ, ਜਦਕਿ ਬੰਦੀ ਸਿੰਘਾਂ ਦੇ ਮਾਮਲੇ ਵਿਚ ਸਰਕਾਰ ਦੋਹਰਾ ਮਾਪਦੰਡ ਅਪਣਾ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇੱਕੋ ਇੱਕ ਖੇਤਰੀ ਧਿਰ ਜਥੇਬੰਦੀ 'ਵਾਰਿਸ ਪੰਜਾਬ ਦੀ' ਜੋ ਕਿ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਗੱਲ ਕਰਦੀ ਹੈ, ਬਾਕੀ ਤਾਂ ਸਾਰੀਆਂ ਕੇਂਦਰ ਦੀ ਝੋਲੀ ਵਿਚ ਪੈ ਚੁੱਕੀਆਂ ਹਨ | ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਪੰਜਾਬ ਦੇ ਭਲੇ ਲਈ ਇਕਮੁੱਠ ਹੋ ਕੇ ਪੰਜਾਬ ਵਿਚ ਵਾਰਿਸ ਪੰਜਾਬ ਦੀ ਸਰਕਾਰ ਸਥਾਪਿਤ ਕਰੀਏ ਅਤੇ ਪੰਜਾਬ ਤੇ ਪੰਜਾਬੀਅਤ ਨੂੰ ਬਚਾਈਏ, ਜਿਸ ਵਿਚ ਹਰ ਧਰਮ, ਹਰ ਵਰਗ ਨੂੰ ਬਿਲਕੁਲ ਸ਼ਾਂਤਮਈ ਦੇ ਚੰਗੇ ਮਾਹੌਲ ਵਿਚ ਰਹਿਣ ਦਾ ਮੌਕਾ ਮਿਲ ਸਕੇ | ਇਸ ਕੁਲਦੀਪ ਸਿੰਘ ਰਿਆੜ, ਕੋਆਰਡੀਨੇਟਰ ਪਰਮਜੀਤ ਸਿੰਘ ਜੌਹਲ, ਅਮਰਜੀਤ ਸਿੰਘ ਵੰਨਚਿੜੀ, ਹਰਭਜਨ ਸਿੰਘ ਤੁੜ, ਜੁਗਰਾਜ ਸਿੰਘ ਲਾਲਾਨੰਗਲ ਹਲਕਾ ਇੰਚਾਰਜ ਫ਼ਤਿਹਗੜ੍ਹ ਚੂੜੀਆਂ, ਦਲਜੀਤ ਸਿੰਘ ਮਿਆਦੀਆਂ ਹਲਕਾ ਇੰਚਾਰਜ ਰਾਜਾਸਾਂਸੀ, ਗੁਰਵਿੰਦਰ ਸਿੰਘ ਝੰਡੇਰ, ਜਸਪਾਲ ਸਿੰਘ ਬੋਹਲੀਆਂ ਖ਼ਜ਼ਾਨਚੀ ਅੰਮਿ੍ਤਸਰ ਦਿਹਾਤੀ, ਜੁਗਰਾਜ ਸਿੰਘ ਰਿਆੜ, ਗੁਰਮੇਜ ਸਿੰਘ ਰਿਆੜ, ਹਰਦੀਪ ਸਿੰਘ ਰਿਆੜ, ਗੁਰਭੇਜ ਸਿੰਘ ਰਿਆੜ, ਸਤਬੀਰ ਸਿੰਘ ਝੰਡੇਰਅ ਤੇ ਹੋਰ ਹਾਜ਼ਰ ਸਨ |