ਅਜਨਾਲਾ, 13 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿਖੇ ਲਗਾਏ ਜਾਣ ਵਾਲੇ ਗੁਰੂ ਕਾ ਲੰਗਰ ਅਤੇ ਛਬੀਲਾਂ ਲਈ ਸੇਵਾਦਾਰਾਂ ਦਾ ਜਥਾ ਕਾਰ ਸੇਵਾ ਵਾਲੇ ਬਾਬਾ ਜੋਧ ਸਿੰਘ ਜੀ ਦੇ ਧਾਰਮਿਕ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਮੁੱਖ ਸੇਵਾਦਾਰ ਬਾਬਾ ਜੋਧਬੀਰ ਸਿੰਘ ਦੀ ਅਗਵਾਈ ਹੇਠ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਜਥੇ ਨੂੰ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਰਵਾਨਾ ਕੀਤਾ। ਜਥਾ 15, 16, 17 ਅਤੇ 18 ਜੂਨ ਨੂੰ ਪਟਨਾ ਸਾਹਿਬ ਵਿਖੇ ਹਜ਼ਾਰਾਂ ਸੰਗਤਾਂ ਲਈ ਗੁਰੂ ਕਾ ਅਤੁੱਟ ਲੰਗਰ ਵਰਤਾਏਗਾ। ਇਸ ਮੌਕੇ ਜਾਣਕਾਰੀ ਦਿੰਦਿਆਂ ਬਾਬਾ ਜੋਧਬੀਰ ਸਿੰਘ ਨੇ ਕਿਹਾ ਕਿ ਗੁਰੂ ਘਰ ਦੀ ਸੇਵਾ ਸਭ ਤੋਂ ਵੱਡਾ ਭਾਗ ਹੈ ਅਤੇ ਕਾਰ ਸੇਵਾ ਵਾਲੇ ਬਾਬਾ ਜੋਧ ਸਿੰਘ ਦੇ ਅਸਥਾਨ ਵਲੋਂ ਹਰ ਸਾਲ ਸ਼ਹੀਦੀ ਪੁਰਬ ਮੌਕੇ ਪਟਨਾ ਸਾਹਿਬ ਵਿਖੇ ਲੰਗਰ ਸੇਵਾ ਨਿਰੰਤਰ ਨਿਭਾਈ ਜਾਂਦੀ ਹੈ। ਬਾਬਾ ਜੋਧਬੀਰ ਸਿੰਘ ਨੇ ਅੱਗੇ ਦੱਸਿਆ ਕਿ ਲੰਗਰ ਸੇਵਾ ਲਈ ਰਾਸ਼ਨ, ਸਬਜ਼ੀਆਂ, ਮਿੱਠੇ ਜਲ ਤੇ ਹੋਰ ਲੋੜੀਂਦੇ ਸਾਮਾਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਪਟਨਾ ਸਾਹਿਬ ਪਹੁੰਚਣ ਵਾਲੀ ਹਰ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੀ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਸੇਵਾ ਵਿਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਬਾਬਾ ਜੋਗਾ ਸਿੰਘ ਪੰਜਗਰਾਈਂ ਨਿੱਝਰਾਂ ਵਾਲੇ, ਬਾਬਾ ਗੁਰਵਿੰਦਰ ਸਿੰਘ ਨੇਪਾਲਾਂ ਵਾਲੇ, ਸਾਬਕਾ ਸਰਪੰਚ ਅਮਰਜੀਤ ਸਿੰਘ ਨੰਗਲ, ਧਰਮਿੰਦਰ ਸਿੰਘ ਨੰਗਲ, ਮਹਿਲ ਸਿੰਘ ਕਮੀਰਪੁਰਾ, ਰਣਜੀਤ ਸਿੰਘ ਪਟਵਾਰੀ, ਨੰਬਰਦਾਰ ਕਸ਼ਮੀਰ ਸਿੰਘ ਫੁੱਲੇਚੱਕ, ਸ਼ਮਸ਼ੇਰ ਸਿੰਘ ਢਿੱਲੋਂ ਫੁੱਲੇਚੱਕ, ਜੋਬਨਪ੍ਰੀਤ ਸਿੰਘ, ਕੁਲਦੀਪ ਸਿੰਘ, ਕੁਲਦੀਪ ਸਿੰਘ, ਬਲਕਾਰ ਸਿੰਘ ਰਿਆੜ, ਅੰਮ੍ਰਿਤਪਾਲ ਸਿੰਘ, ਚਾਚਾ ਭੋਲਾ, ਨਵ ਰਿਆੜ, ਮੰਨੂ ਸ਼ਾਹ, ਹਰਮਨ ਸੇਖੋਂ, ਬਿਕਰਮਜੀਤ ਸਿੰਘ ਤੇ ਅਰਮਾਨ ਸਿੰਘ ਮੁਹਾਵਾ ਆਦਿ ਹਾਜ਼ਰ ਸਨ।