ਚਵਿੰਡਾ ਦੇਵੀ, 27 ਜੂਨ (ਸਤਪਾਲ ਸਿੰਘ ਢੱਡੇ)-ਇਲਾਕੇ ਦੇ ਚਾਰ ਪਿੰਡਾਂ ਨੂੰ ਬਿਜਲੀ ਸਪਲਾਈ ਕਰਦਾ ਸ਼ਹਿਜ਼ਾਦਾ ਫੀਡਰ ਬੀਤੇ ਦਿਨਾ ਵਿਚ ਬੰਦ ਹੋਣ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਨਾਰਾਜ਼ ਕਿਸਾਨ ਵੱਡੀ ਗਿਣਤੀ ਵਿਚ ਬਿਜਲੀ ਘਰ ਢੱਡੇ ਪਹੁੰਚ ਕੇ ਬਿਜਲੀ ਘਰ ਘੇਰ ਲਿਆ ਜਿਸ ‘ਤੇ ਬਿਜਲੀ ਅਧਿਕਾਰੀਆਂ ਨੇ ਤੁਰੰਤ ਬਿਜਲੀ ਸਪਲਾਈ ਬਹਾਲ ਕਰਨ ਦਿੱਤੀ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਵਾਰ-ਵਾਰ ਸੰਪਰਕ ਕਰਨ ਦੇ ਬਾਵਜੂਦ ਸਬੰਧਤ ਐੱਸ.ਡੀ.ਓ. ਕੱਥੂਨੰਗਲ ਫੋਨ ਨਹੀਂ ਚੁੱਕ ਰਹੇ ਅਤੇ ਨਾ ਹੀ ਕੋਈ ਅਧਿਕਾਰੀ ਮੌਕੇ ‘ਤੇ ਪਹੁੰਚ ਕੇ ਉਨ੍ਹਾਂ ਦੀ ਸਮੱਸਿਆ ਸੁਣ ਰਿਹਾ ਹੈ। ਉਨ੍ਹਾਂ ਕਿਹਾ ਕਿ ਕਦੀ ਲਾਈਨ ਵਿਚ ਫਾਲਟ ਪੈ ਜਾਂਦਾ ਹੈ ਅਤੇ ਕਦੀ ਪਾਵਰ ਕੱਟ ਆ ਜਾਂਦਾ ਹੈ ਜਿਸ ਕਾਰਨ ਅਧਿਕਾਰੀ ਬਿਜਲੀ ਬੰਦ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਬਿਜਲੀ ਨਾ ਹੋਣ ਕਾਰਨ ਝੋਨੇ ਅਤੇ ਹੋਰ ਫ਼ਸਲਾਂ ਦੀ ਸਿੰਚਾਈ ਪ੍ਰਭਾਵਿਤ ਹੋ ਰਹੀ ਹੈ, ਜਿਸ ਨਾਲ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਬਿਜਲੀ ਸਪਲਾਈ ਬਹਾਲ ਨਾ ਕੀਤੀ ਗਈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ। ਇਸ ਸੰਬੰਧੀ ਜਦੋਂ ਐੱਸ. ਡੀ. ਓ. ਕੱਥੂਨੰਗਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਫੋਨ ਤਾਂ ਚੁੱਕਦਾ ਹਾਂ ਪਰ ਬਿਜਲੀ ਦਾ ਕੱਟ ਪਟਿਆਲੇ ਤੋਂ ਮੈਸੇਜ ਆਉਂਦਾ ਹੈ ਉਸ ਅਨੁਸਾਰ ਹੀ ਘੱਟ ਲੱਗਦਾ ਹੈ ਪਰ ਜਿੰਨੀ ਬਿਜਲੀ ਸਪਲਾਈ ਬੰਦ ਰਹਿੰਦੀ ਹੈ ਉਹ ਬਾਅਦ ਵਿਚ ਬਿਜਲੀ ਸਪਲਾਈ ਦੇ ਦਿੱਤੀ ਜਾਂਦੀ ਹੈ।