ਨਵਾਂ ਪਿੰਡ, 30 ਜੂਨ (ਜਸਪਾਲ ਸਿੰਘ)-ਸਵੈ -ਸੇਵੀ ਨਿਰੋਲ ਧਾਰਮਿਕ ਤੇ ਸਮਾਜਿਕ ਸੰਸਥਾ ‘ਸ੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ, ਵਡਾਲੀ ਡੋਗਰਾਂ’ ਵਲੋਂ ਓਘੇ ਸਮਾਜ ਸੇਵੀ ਤੇ ਧਾਰਮਿਕ ਸ਼ਖ਼ਸੀਅਤ ਬਲਜੀਤ ਸਿੰਘ ਬਿੱਲਾ ਰਸੂਲਪੁਰ ਕਲਾਂ ਤੇ ਉਨ੍ਹਾਂ ਨਾਲ ਉਨ੍ਹਾਂ ਦੇ ਮਾਤਾ ਬੀਬੀ ਅਮਰੀਕ ਕੌਰ ਤੇ ਪਤਨੀ ਵਰਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖੀ ਸੰਸਥਾ ਸੰਚਾਲਕ ਭਾਈ ਸਾਹਿਬ ਸਿੰਘ ਵਡਾਲੀ ਡੋਗਰਾਂ ਵਲੋਂ ‘ਅਜੀਤ’ ਵਿਸ਼ੇਸ਼ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸੋਸਾਇਟੀ ਵਲੋਂ ਮਨੁੱਖਤਾ ਦੀ ਸੇਵਾ, ਸਮਾਜ ਸੁਧਾਰਨ ਤੇ ਧਾਰਮਿਕ ਖੇਤਰ ‘ਚ ਸਿੱਖੀ ਦਾ ਪ੍ਰਚਾਰ, ਪਸਾਰ ਕਰ ਰਹੀਆਂ ਸ਼ਖ਼ਸੀਅਤਾਂ ਤੇ ਉਨ੍ਹਾਂ ਤੋਂ ਇਲਾਵਾ ਗ੍ਰੰਥੀ ਸਿੰਘਾਂ ਨੂੰ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਸੇ ਲੜੀ ਤਹਿਤ ਅੱਜ ਬਲਜੀਤ ਸਿੰਘ ਨੂੰ ਉਨ੍ਹਾਂ ਦੀਆਂ ਮਨੁੱਖਤਾ ਦੀ ਭਲਾਈ ਹਿੱਤ ਕੀਤੀਆਂ ਜਾਂਦੀਆਂ ਨਿਸ਼ਕਾਮ ਸੇਵਾਵਾਂ ਲਈ ਤੇ ਉਨ੍ਹਾਂ ਦੇ ਮਾਤਾ ਤੇ ਪਤਨੀ ਵਲੋਂ ਉਨ੍ਹਾਂ ਨੂੰ ਸਹਿਯੋਗ ਦੇਣ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਜੀਤ ਸਿੰਘ ਨੇ ਮਿਲੇ ਸਨਮਾਨ ਲਈ ਸੋਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਨਮਾਨ ਲਈ ਉਨ੍ਹਾਂ ਦੀਆਂ ਸਮਾਜਿਕ ਜ਼ਿੰਮੇਵਾਰੀਆਂ ਹੋਰ ਵੱਧ ਗਈਆਂ ਹਨ, ਜਿਨ੍ਹਾਂ ਨੂੰ ਉਹ ਪਰਿਵਾਰ ਦੇ ਸਹਿਯੋਗ ਨਾਲ ਹੋਰ ਵੀ ਸੁਚਾਰੂ ਢੰਗ ਨਾਲ ਨਿਭਾਉਣਗੇ। ਇਸ ਮੌਕੇ ਭਾਈ ਸਾਹਿਬ ਸਿੰਘ ਨੇ ਹੋਰ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੂੰ ਬਲਜੀਤ ਸਿੰਘ ਜਿਹੇ ਹੋਰ ਸ਼ਖ਼ਸੀਅਤਾਂ ਤੇ ਵਿਸ਼ੇਸ਼ ਕਰ ਗ੍ਰੰਥੀ ਸਿੰਘਾਂ ਨੂੰ ਸੰਭਾਲਣ ਲਈ ਅੱਗੇ ਆਉਣ ਲਈ ਕਿਹਾ।
ਸਮਾਜ ਸੇਵੀ ਬਲਜੀਤ ਸਿੰਘ ਦਾ ਗੁਰੂ ਰਾਮਦਾਸ ਸੇਵਾ ਸੋਸਾਇਟੀ ਵਲੋਂ ਸਨਮਾਨ
ਅਜੀਤ ਡੈਸਕ
01-07-2026