ਅੰਮ੍ਰਿਤਸਰ, 1 ਜੁਲਾਈ (ਹਰਮਿੰਦਰ ਸਿੰਘ)-ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਉਨ੍ਹਾਂ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁ: ਸ੍ਰੀ ਪਲਾਹ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਇਲਾਕੇ ਦੀਆਂ ਸੰਗਤਾਂ ਅਤੇ ਧਾਰਮਿਕ ਸਭਾ ਸੁਸਾਇਟੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਪਵਿੱਤਰ ਦਿਹਾੜੇ ਦੇ ਸੰਬੰਧ ਵਿਚ ਗੁਰਦੁਆਰਾ ਸ੍ਰੀ ਪਲਾਹ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਜਿਸ ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਜਿਸ ‘ਚ ਪੰਥ ਪ੍ਰਸਿਧ ਰਾਗੀ ਜਥਿਆਂ ਵਲੋਂ ਗੁਰਬਾਣੀ ਕੀਰਤਨ ਦੀ ਛਹਿਬਰ ਲਗਾਈ ਅਤੇ ਢਾਡੀ ਸਿੰਘਾਂ ਵਲੋਂ ਸੰਗਤਾਂ ਨੂੰ ਗੁਰ ਜਸ ਸਰਵਨ ਕਰਵਾਇਆ। ਇਸ ਦੌਰਾਨ ਹੀ ਗਿਆਨੀ ਵਿਸ਼ਾਲ ਸਿੰਘ ਗੁ: ਮੰਜੀ ਸਾਹਿਬ ਵਾਲਿਆਂ ਵਲੋਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ ਗਿਆ। ਇਸ ਮੌਕੇ ‘ਤੇ ਮੈਨੇਜਰ ਗੁਰਾ ਸਿੰਘ ਅਤੇ ਗੁਰਦੁਆਰਾ ਦੇ ਮੁੱਖ ਗ੍ਰੰਥੀ ਬਾਬਾ ਰਣਜੋਧ ਸਿੰਘ ਵਲੋਂ ਰਾਗੀ ਜਥਿਆਂ, ਕਵਿਸ਼ਰੀ ਜਥਿਆਂ, ਕਥਾ ਵਾਚਕਾਂ ਅਤੇ ਸਮਾਗਮ ‘ਚ ਪਹੁੰਚੀਆਂ ਅਹਿਮ ਸ਼ਖਸੀਅਤਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਅਤੇ ਸਖਵਿੰਦਰ ਸਿੰਘ ਭੂਰੀ ਵਾਲਿਆਂ ਵਲੋਂ ਗੁਰੂ ਕੇ ਲੰਗਰ ਲਗਾਏ ਗਏ। ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਗੁ: ਪਲਾਹ ਸਾਹਿਬ ਵਲੋਂ ਸ਼ਰਦਾਈ ਦੀ ਛਬੀਲ ਲਗਾਈ ਗਈ। ਇਸ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਅਲੌਕਿਕ ਦੀਪਮਾਲਾ ਕੀਤੀ ਗਈ। ਇਸ ਮੌਕੇ ‘ਤੇ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਪ੍ਰਭ ਉੱਪਲ, ਮਾ: ਪ੍ਰਦੀਪ ਸਿੰਘ, ਸੁਖਵਿੰਦਰ ਸਿੰਘ ਵਾਹਲਾ, ਭਾਈ ਸੁਰਜਨ ਸਿੰਘ, ਜਗੀਰ ਸਿੰਘ, ਸਾਹਿਬ ਸਿੰਘ, ਬਾਬਾ ਸੋਹਨ ਸਿੰਘ, ਬਾਬਾ ਕਰਨ ਸਿੰਘ, ਬਾਬਾ ਨਾਜਰ ਸਿੰਘ, ਬਾਬਾ ਜੋਧਵੀਰ ਸਿੰਘ, ਬਲਦੇਵ ਸਿੰਘ ਝਡੇਰ, ਰਣਜੀਤ ਸਿੰਘ ਗੋਲਡੀ ਗੁਮਟਾਲਾ, ਗੁਰਜੀਤ ਸਿੰਘ ਗੁਮਟਾਲਾ, ਦਲਬੀਰ ਸਿੰਘ, ਸਰਪੰਚ ਬਲਵਿੰਦਰ ਸਿੰਘ, ਰਣਜੀਤ ਸਿੰਘ ਤਰਸਿਕਾ, ਭਗਵੰਤ ਸਿੰਘ ਗਿੱਲ, ਸੁਲੱਖਣ ਸਿੰਘ ਢਿੱਲੋਂ ਪਟਵਾਰੀ, ਡਾ: ਸੰਦੀਪ ਸਿੰਘ, ਡਾ: ਸੁਖਦੇਵ ਸਿੰਘ, ਸ਼ਰਨਜੀਤ ਸਿੰਘ ਲੱਕੀ, ਗੁਰਨਾਮ ਸਿੰਘ ਫੌਜੀ, ਨਗਿੰਦਰ ਸਿੰਘ ਪੰਨੂੰ ਆਦਿ ਮੌਜੂਦ ਸਨ।