ਮੁਕੇਰੀਆਂ, 1 ਜੁਲਾਈ (ਰਾਮਗੜ੍ਹੀਆ)- ਮੁਕੇਰੀਆਂ ਸ਼ਹਿਰ ਅੰਦਰ ਭਾਵੇਂ ਮੁੱਖ ਚੌਂਕਾਂ ਵਿਚ ਟਰੈਫ਼ਿਕ ਲਾਈਟਾਂ ਲਗਾ ਦਿੱਤੀਆਂ ਗਈਆਂ ਹਨ ਪਰ ਇਸ ਦੇ ਬਾਵਜੂਦ ਵੀ ਇਸ ਸਮੇਂ ਸਭ ਤੋਂ ਵੱਧ ਟਰੈਫ਼ਿਕ ਸਮੱਸਿਆ ਦਾ ਮਾੜਾ ਹਾਲ ਮਾਤਾ ਰਾਣੀ ਚੌਕ ਵਿਖੇ ਬਣਿਆ ਹੋਇਆ ਹੈ, ਕਿਉਂਕਿ ਤਲਵਾੜਾ ਰੋਡ ਹਾਜੀਪੁਰ ਦੀ ਤਰਫ਼ੋਂ ਕਰੈਸ਼ਰ ਰੇਤਾ, ਬਜਰੀ ਨਾਲ ਭਰੇ ਵੱਡੇ ਟਰਾਲੇ ਜੋ 10-15 ਇਕੱਠੇ ਹੋ ਕੇ ਸ਼ਹਿਰ ਅੰਦਰ ਦਾਖ਼ਲ ਹੁੰਦੇ ਹਨ ਅਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ। ਜਾਣਕਾਰੀ ਅਨੁਸਾਰ ਮਾਤਾ ਰਾਣੀ ਚੌਕ ਤੋਂ ਲੈ ਕੇ ਤਲਵਾੜਾ ਰੋਡ ’ਤੇ ਪੈਂਦੀ ਸਬਜ਼ੀ ਮੰਡੀ ਮੁਕੇਰੀਆਂ ਤੋਂ ਵੀ ਕਾਫ਼ੀ ਦੂਰ ਤੱਕ ਟਰੱਕਾਂ ਅਤੇ ਹੋਰ ਵਾਹਨਾਂ ਦੀਆਂ ਲਾਈਆਂ ਲਗਾਤਾਰ ਦਿਨ ਵੇਲੇ ਲੱਗਣੀਆਂ ਸ਼ੁਰੂ ਹੋ ਗਈਆਂ ਹਨ ਜਿਸ ਕਾਰਨ ਇਸ ਰੋਡ ’ਤੇ ਦੁਕਾਨਦਾਰਾਂ ਦਾ ਧੰਦਾ ਚੌਪਟ ਹੋ ਗਿਆ ਹੈ ਉੱਥੇ ਆਮ ਲੋਕਾਂ ਨੂੰ ਪੈਦਲ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ। ਇੱਥੇ ਜ਼ਿਕਰਯੋਗ ਹੈ ਮੁਕੇਰੀਆਂ ਪੁਲਿਸ ਵਲੋਂ ਕੁੱਝ ਸਮਾਂ ਪਹਿਲਾਂ ਮੁਕੇਰੀਆਂ ਸ਼ਹਿਰ ਟਰੈਫ਼ਿਕ ਸਮੱਸਿਆ ਦੇ ਹੱਲ ਲਈ ਕਰੈਸ਼ਰ ਦੇ ਟਰੱਕਾਂ ਨੂੰ ਸ਼ਹਿਰ ਅੰਦਰ ਦਿਨ ਵੇਲੇ ਦਾਖ਼ਲੇ ’ਤੇ ਰੋਕ ਲਗਾਈ ਗਈ ਸੀ, ਜਿਸ ਕਾਰਨ ਕਾਫ਼ੀ ਰਾਹਤ ਲੋਕਾਂ ਨੂੰ ਜਿੱਥੇ ਮਿਲੀ ਸੀ ਉੱਥੇ ਏਨੀ ਵੱਡੀ ਟਰੈਫ਼ਿਕ ਸਮੱਸਿਆ ਵੀ ਪੈਦਾ ਨਹੀਂ ਸੀ ਹੋਈ। ਹੁਣ ਦੁਬਾਰਾ ਸੈਂਕੜਿਆਂ ਦੀ ਗਿਣਤੀ ਵਿਚ ਕਰੈਸ਼ਰ ਲੈ ਕੇ ਮੁਕੇਰੀਆਂ ਸ਼ਹਿਰ ਵਿਚੋਂ ਗੁਜ਼ਰਨ ਵਾਲੇ ਮੁਕੇਰੀਆਂ ਦੇ ਮਾਤਾ ਰਾਣੀ ਚੌਕ ਤੋਂ ਟਰੱਕਾਂ ਵਾਲਿਆਂ ਦੇ ਕਾਰਨ ਹੀ ਸਭ ਤੋਂ ਵੱਡੀ ਸਮੱਸਿਆ ਟਰੈਫ਼ਿਕ ਦੀ ਬਣੀ ਹੋਈ ਹੈ। ਜੇਕਰ ਪ੍ਰਸ਼ਾਸਨ ਹਾਜੀਪੁਰ ਤੋਂ ਜਲੰਧਰ ਜਾਂ ਹੋਰ ਸ਼ਹਿਰਾਂ ਨੂੰ ਜਾਣ ਵਾਲੇ ਟਰੱਕਾਂ ਦੀ ਹਾਜੀਪੁਰ ਤੋਂ ਦਸੂਹਾ ਰੋਡ ’ਤੇ ਅਤੇ ਪਠਾਨਕੋਟ ਵਾਲੀ ਸਾਈਡ ਨੂੰ ਜਾ ਰਹੇ ਟਰੱਕਾਂ ਨੂੰ ਹਾਜੀਪੁਰ ਤੋਂ ਮਾਨਸਰ ਰੋਡ ’ਤੇ ਤਬਦੀਲ ਕਰ ਦੇਵੇ ਤਾਂ 60 ਫ਼ੀਸਦੀ ਤੋਂ ਟਰੈਫ਼ਿਕ ਸਮੱਸਿਆ ਮੁਕੇਰੀਆਂ ਸ਼ਹਿਰ ਦੇ ਅੰਦਰ ਹੱਲ ਹੋ ਸਕਦੀ ਹੈ। ਲੋਕਾਂ ਦੀ ਮੰਗ ਹੈ ਕਿ ਘੱਟੋ-ਘੱਟ ਤਿਉਹਾਰਾਂ ਦੇ ਸੀਜ਼ਨ ਦੌਰਾਨ ਪੁਲਿਸ ਨੂੰ ਤੁਰੰਤ ਇਹ ਕਦਮ ਚੁੱਕਣੇ ਚਾਹੀਦੇ ਹਨ ਅਤੇ ਕਰੈਸ਼ਰਾਂ ਵਾਲਿਆਂ ਦੀਆਂ ਗੱਡੀਆਂ ਦੇ ਦਾਖ਼ਲੇ ’ਤੇ ਦਿਨ ਵੇਲੇ ਰੋਕ ਲਗਾ ਦੇਣੀ ਚਾਹੀਦੀ ਹੈ।