ਮਜੀਠੀਆ ਨੇ ਪਾਰਟੀ ’ਚ ਕੀਤਾ ਸ਼ਾਮਿਲ
ਮਜੀਠਾ, 25 ਜੁਲਾਈ (ਮਨਿੰਦਰ ਸਿੰਘ ਸੋਖੀ)- ਹਲਕਾ ਮਜੀਠਾ ’ਚ ਆਮ ਆਦਮੀ ਪਾਰਟੀ ਨੂੰ ਉਸ ਵਕਤ ਵੱਡਾ ਝਟਕਾ ਲੱਗਾ, ਜਦ ਇਥੋਂ ਨਾਲ ਲਗਦੇ ਪਿੰਡ ਅਠਵਾਲ ਤੋਂ ਕਈ ਪਰਿਵਾਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ (ਬ) ’ਚ ਸ਼ਾਮਿਲ ਹੋ ਗਏ । ‘ਆਪ’ ਛੱਡ ਕੇ ਪਾਰਟੀ ’ਚ ਸ਼ਾਮਿਲ ਹੋਣ ’ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਇਨ੍ਹਾਂ ਨੂੰ ਪਾਰਟੀ ’ਚ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿੱਤਾ । ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਹੇਠਲੇ ਪੱਧਰ ਤੱਕ ਆਪਣਾ ਆਧਾਰ ਗੁਆ ਚੁੱਕੀ ਹੈ । ਜਿਸ ਕਰਕੇ ਪਿੰਡਾਂ ਵਿਚ ਲੋਕ ਆਮ ਆਦਮੀ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਦੁਖੀ ਹੋ ਕੇ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਹੋ ਰਹੇ ਹਨ । ਮਜੀਠੀਆ ਨੇ ਬੀਤੇ ਦਿਨੀਂ ਪੰਜਾਬ ਦੇ ਬਰਨਾਲਾ ਸ਼ਹਿਰ ਵਿਚ ਨਿਹੱਥੇ ਸਫਾਈ ਕਰਮਚਾਰੀਆਂ ਉਪਰ ਜਿਹੜੇ ਕਿ ਆਪਣੇ ਹੱਕ ਸਰਕਾਰ ਪਾਸੋਂ ਮੰਗ ਰਹੇ ਸਨ ਆਮ ਆਦਮੀ ਪਾਰਟੀ ਦੀ ਸ਼ਹਿ ’ਤੇ ਪੁਲਿਸ ਨੇ ਅੰਨਾ ਤਸ਼ੱਦਦ ਕੀਤਾ, ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਲੋਕਤੰਤਰ ‘ਤੇ ਇਸ ਨੂੰ ਕਾਲਾ ਧੱਬਾ ਦੱਸਿਆ। ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਅਜਿਹੇ ਹੱਥਕੰਡੇ ਅਪਣਾ ਕੇ ਪੰਜਾਬ ਦੇ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਪੰਜਾਬ ਦੇ ਸੂਝਵਾਨ ਅਤੇ ਬਹਾਦਰ ਲੋਕ ਆਪ ਦੀਆਂ ਇਨ੍ਹਾਂ ਧੱਕੇਸ਼ਾਹੀਆਂ ਦੀ ਜਵਾਬ 2027 ਦੀਆਂ ਚੋਣਾ ਵਿਚ ਦੇਣਗੇ। ਇਸ ਮੌਕੇ ਮਜੀਠੀਆ ਦੇ ਨਾਲ ਗਗਨਦੀਪ ਸਿੰਘ ਭਕਨਾ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਜਤਿੰਦਰਪਾਲ ਸਿੰਘ ਹਮਜਾ, ਨਵਜਿੰਦਰਪਾਲ ਸਿੰਘ ਗਾਂਧੀ, ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਨਵਦੀਪ ਸਿੰਘ, ਕਰਨਵੀਰ ਸਿੰਘ, ਹਰਦੇਵ ਸਿੰਘ, ਸੁਖਚੈਨ ਅਤੇ ਸਾਥੀ ਅਤੇ ਪਰਿਵਾਰਕ ਮੈਂਬਰ ਆਦਿ ਵੀ ਹਾਜ਼ਰ ਸਨ।
ਪਿੰਡ ਅਠਵਾਲ ਦੇ ਕਈ ਪਰਿਵਾਰ ਆਮ ਆਦਮੀ ਪਾਰਟੀ ਛੱਡ ਕੇ ਅਕਾਲੀ ਦਲ (ਬ) ’ਚ ਸ਼ਾਮਿਲ
ਅਜੀਤ ਡੈਸਕ
26-07-2026