ਬਾਬਾ ਬਕਾਲਾ ਸਾਹਿਬ, 25 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)- ਅੱਜ ਇੱਥੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਸਥਾਪਿਤ ਪ੍ਰਿਥੀਪਾਲ ਸਿੰਘ ਅਠੌਲਾ ਯਾਦਗਾਰੀ ਲਾਇਬਰੇਰੀ, ਬਾਬਾ ਬਕਾਲਾ ਸਾਹਿਬ ਵਿਖੇ ਸੁਸ਼ੀਲ ਦੁਸਾਂਝ ਅਤੇ ਕਮਲ ਦੁਸਾਂਝ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਕੀਤੇ ਜਾਣ ਵਾਲੇ ਪੰਜਾਬੀ ਜ਼ੁਬਾਨ ਦੇ ਪ੍ਰਮੁੱਖ ਮੈਗਜ਼ੀਨ ‘ਹੁਣ’ ਦਾ 53ਵਾਂ ਅੰਕ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਲੋਕ ਅਰਪਿਤ ਕੀਤਾ । ਇਸ ਮੌਕੇ ਦਰਸ਼ਨ ਬੁੱਟਰ ਨੇ ਕਿਹਾ ਕਿ ‘ਹੁਣ’ ਨੇ ਅਜੋਕੇ ਪੰਜਾਬੀ ਸਾਹਿਤ ਅਤੇ ਸਭਿਆਚਰਕ ਦੀ ਪ੍ਰਤੀਨਿਧਤਾ ਕਰਦਿਆਂ ਵਿਲੱਖਣ ਪੈੜਾਂ ਪਾਈਆਂ ਹਨ, ਜਿਸ ਲਈ ਦੁਸਾਂਝ ਜੋੜੀ ਮੁਬਾਰਕਬਾਦ ਦੀ ਹੱਕਦਾਰ ਹੈ । ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਕਿਹਾ ਕਿ ਸੁਸ਼ੀਲ਼ ਦੁਸਾਂਝ ਹੋਰਾਂ ਦੀ ‘ਹੁਣ’ ਵਿਚਲੀ ਬੇਬਾਕ ਸੰਪਾਦਕੀ ਲਾਜਵਾਬ ਹੈ ਕਿ ਅਸੀਂ ਉਨ੍ਹਾਂ ਸ਼ਬਦਾਂ ਦੀ ਤਲਾਸ਼ ਵਿੱਚ ਹਾਂ ਜਿਨ੍ਹਾਂ ਵਿਚ ਭਾਸ਼ਾ ਨਾਲੋਂ ਵੱਧ ਜ਼ਮੀਰ, ਵਿਚਾਰ ਨਾਲੋਂ ਵੱਧ ਮਨੁੱਖ ਅਤੇ ਸਮੇਂ ਦੇ ਸ਼ੋਰ ਨਾਲੋਂ ਵੱਧ ਉਸਦੀ ਨਬਜ਼ ਸੁਣਾਈ ਦਿੰਦੀ ਹੋਵੇ। ਇਸ ਮੌਕੇ ਸੁਸ਼ੀਲ ਦੁਸਾਂਝ ਹੋਰਾਂ ਕੁਝ ‘ਹੁਣ’ ਦੇ ਨਵੇਂ ਮੈਗਜ਼ੀਨ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੀ ਲਾਇਬ੍ਰੇਰੀ ਲਈ ਭੇਟ ਕੀਤੇ। ਇਸ ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ, ਬਲਵਿੰਦਰ ਸਿੰਘ ਅਠੌਲਾ, ਸੂਬੇਦਾਰ ਹਰਜਿੰਦਰ ਸਿੰਘ ਨਿੱਝਰ, ਡਾ: ਕੁਲਵੰਤ ਸਿੰਘ ਬਾਠ, ਨਵਦੀਪ ਸਿੰਘ ਬਦੇਸ਼ਾ, ਸੁਖਦੇਵ ਸਿੰਘ ਭੁੱਲਰ, ਸੂਬੇਦਾਰ ਹਰਜੀਤ ਸਿੰਘ, ਸਰਬਜੀਤ ਸਿੰਘ ਪੱਡਾ ਵੀ ਹਾਜ਼ਰ ਸਨ ।
ਬਾਬਾ ਬਕਾਲਾ ਸਾਹਿਬ ਵਿਖੇ ਮੈਗਜ਼ੀਨ ‘ਹੁਣ’ ਦਾ 53ਵਾਂ ਅੰਕ ਲੋਕ ਅਰਪਿਤ
ਅਜੀਤ ਡੈਸਕ
26-07-2026