ਟਾਂਗਰਾ, 25 ਜੁਲਾਈ (ਹਰਜਿੰਦਰ ਸਿੰਘ ਕਲੇਰ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਹੇਠ ਅੱਜ ਜੰਡਿਆਲਾ ਗੁਰੂ ਵਿਖੇ ਨੀਟ ਅਤੇ ਸੀ.ਬੀ.ਐੱਸ.ਈ. ਪ੍ਰੀਖਿਆਵਾਂ ਵਿਚ ਕਥਿਤ ਧਾਂਦਲੀਆਂ ਅਤੇ ਵਿਦਿਆਰਥੀਆਂ ਦੇ ਹੱਕਾਂ ਲਈ ਕੀਤੇ ਜਾ ਰਹੇ ਰੋਸ ਦੌਰਾਨ ਉਨ੍ਹਾਂ ‘ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿਚ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿਚ ਕਾਂਗਰਸ ਪਾਰਟੀ ਦੇ ਆਗੂਆਂ, ਯੂਥ ਕਾਂਗਰਸ, ਐੱਨ.ਐੱਸ.ਯੂ.ਆਈ., ਮਹਿਲਾ ਕਾਂਗਰਸ ਦੇ ਵਰਕਰਾਂ ਅਤੇ ਵੱਡੀ ਗਿਣਤੀ ਵਿਚ ਸਥਾਨਕ ਲੋਕਾਂ ਨੇ ਸ਼ਮੂਲੀਅਤ ਕਰਕੇ ਵਿਦਿਆਰਥੀਆਂ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕਿਹਾ ਕਿ ਨੀਟ ਅਤੇ ਸੀ.ਬੀ.ਐੱਸ.ਈ. ਵਰਗੀਆਂ ਮਹੱਤਵਪੂਰਨ ਪ੍ਰੀਖਿਆਵਾਂ ਵਿਚ ਕਥਿਤ ਗੜਬੜੀਆਂ ਨੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਅਨਿਸ਼ਚਿਤਤਾ ਵਿਚ ਧੱਕ ਦਿੱਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਵਿਦਿਆਰਥੀ ਆਪਣੇ ਹੱਕਾਂ ਦੀ ਮੰਗ ਲਈ ਸ਼ਾਂਤਮਈ ਢੰਗ ਨਾਲ ਆਵਾਜ਼ ਉਠਾਉਂਦੇ ਹਨ ਤਾਂ ਉਨ੍ਹਾਂ ਦੀਆਂ ਮੰਗਾਂ ਸੁਣਨ ਦੀ ਬਜਾਏ ਉਨ੍ਹਾਂ ‘ਤੇ ਲਾਠੀਚਾਰਜ ਕਰਵਾਇਆ ਜਾਂਦਾ ਹੈ, ਜੋ ਲੋਕਤੰਤਰ ਦੀ ਭਾਵਨਾ ਦੇ ਉਲਟ ਹੈ । ਡੈਨੀ ਬੰਡਾਲਾ ਨੇ ਕਿਹਾ ਕਿ ਸਿੱਖਿਆ ਪ੍ਰਣਾਲੀ ਦੀ ਭਰੋਸੇਯੋਗਤਾ ਬਣਾਈ ਰੱਖਣਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਪ੍ਰੀਖਿਆਵਾਂ ਵਿਚ ਕਥਿਤ ਬੇਨਿਯਮੀਆਂ ਦੀ ਨਿਰਪੱਖ ਜਾਂਚ ਕਰਵਾਈ ਜਾਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿਦਿਆਰਥੀਆਂ ਦੇ ਹੱਕਾਂ ਦੀ ਲੜਾਈ ਹਰ ਪੱਧਰ ’ਤੇ ਲੜਦੀ ਰਹੇਗੀ।
ਪ੍ਰੀਖਿਆਵਾਂ ’ਚ ਧਾਂਦਲੀਆਂ ਖ਼ਿਲਾਫ਼ ਜੰਡਿਆਲਾ ਗੁਰੂ ’ਚ ਕਾਂਗਰਸ ਦਾ ਰੋਸ ਪ੍ਰਦਰਸ਼ਨ
ਅਜੀਤ ਡੈਸਕ
26-07-2026