ਨਾਭਾ, 20 ਫਰਵਰੀ (ਕਰਮਜੀਤ ਸਿੰਘ)-ਇੱਥੋਂ ਦੀ ਸ਼ਾਹੀ ਸਮਾਧਾਂ ਵਿਖੇ ਟੀਚਰਜ਼ ਐਲੀਜੀਬਿਲਟੀ ਟੈੱਸਟ (ਟੀ.ਈ.ਟੀ.) ਦੇ ਵਿਰੋਧ ਵਿਚ 22 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਰੈਲੀ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਗੌਰਮਿੰਟ ਟੀਚਰਜ਼ ਯੂਨੀਅਨ, ਐੱਸ.ਸੀ./ਬੀ.ਸੀ. ਅਧਿਆਪਕ ਯੂਨੀਅਨ, ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਵਲੋਂ ਕ੍ਰਮਵਾਰ ਜਗਪ੍ਰੀਤ ਸਿੰਘ ਭਾਟੀਆ, ਜਗਤਾਰ ਸਿੰਘ ਜੱਗੀ, ਡਾ. ਰਾਮ ਸਰਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਟੀ.ਈ.ਟੀ. ਦਾ ਟੈੱਸਟ ਸਭ ਤੋਂ ਪਹਿਲਾਂ 2011 ਵਿਚ ਲਿਆ ਗਿਆ ਅਤੇ ਉਸ ਤੋਂ ਬਾਅਦ ਵਾਲੀਆਂ ਭਰਤੀਆਂ ਇਸੇ ਪੇਪਰ ਦੇ ਆਧਾਰ 'ਤੇ ਹੋਈਆਂ ਪਰ ਪਿਛਲੇ ਦਿਨੀਂ ਆਏ ਸੁਪਰੀਮ ਕੋਰਟ ਦੇ ਆਰਡਰ ਨੂੰ ਸਰਕਾਰਾਂ 2011 ਤੋਂ ਪਹਿਲਾਂ ਆਪਣੀਆਂ ਅਲੱਗ-ਅਲੱਗ ਭਰਤੀ ਦੀਆਂ ਸ਼ਰਤਾਂ ਪੂਰੀਆਂ ਕਰਦੇ ਹੋਏ ਭਰਤੀ ਹੋਏ ਅਧਿਆਪਕਾਂ ਉੱਪਰ ਵੀ ਧੱਕੇ ਨਾਲ ਥੋਪਿਆ ਜਾ ਰਿਹਾ ਜੋ ਕਿ ਬਿਲਕੁਲ ਹੀ ਗੈਰਵਾਜਬ ਅਤੇ ਤਰਕਸੰਗਤ ਨਹੀਂ ਹੈ | ਅਧਿਆਪਕ ਆਗੂਆਂ ਨੇ ਬੋਲਦਿਆਂ ਕਿਹਾ ਕਿ ਸਰਕਾਰੀ ਸਿੱਖਿਆ ਸੰਸਥਾਵਾਂ ਨੂੰ ਕੇਂਦਰ ਅਤੇ ਵੱਖ-ਵੱਖ ਰਾਜ ਸਰਕਾਰਾਂ ਵਲੋਂ ਲਗਾਤਾਰ ਕਮਜ਼ੋਰ ਕਰਕੇ ਬੰਦ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੀ ਗਿਣਤੀ ਦੇਸ਼ ਭਰ ਦੇ ਵਿਚ ਕੋਈ ਇਕ ਲੱਖ ਦੇ ਕਰੀਬ ਹੈ | ਦੂਜੇ ਪਾਸੇ ਪੁਰਾਣੇ ਭਰਤੀ ਅਧਿਆਪਕਾਂ ਉੱਪਰ ਟੀ.ਈ.ਟੀ. ਸ਼ਰਤ ਧੱਕੇ ਨਾਲ ਥੋਪ ਕੇ ਸੇਵਾਵਾਂ ਖ਼ਤਮ ਕਰਨ ਦੀ ਗੱਲ ਕਰਕੇ ਅਧਿਆਪਕਾਂ ਨੂੰ ਮਾਨਸਿਕ ਤੌਰ 'ਤੇ ਪੇ੍ਰਸ਼ਾਨ ਕੀਤਾ ਜਾ ਰਿਹਾ ਹੈ ਜਿਸ ਦਾ ਅਧਿਆਪਕ ਜਥੇਬੰਦੀਆਂ ਨੇ ਸਖ਼ਤ ਨੋਟਿਸ ਲਿਆ ਅਤੇ ਇਸ ਗੈਰਵਾਜਬ ਫ਼ੈਸਲੇ ਦੇ ਵਿਰੋਧ ਵਿਚ ਲੜਾਈ ਵਿੱਢਣ ਦਾ ਅਹਿਦ ਲਿਆ | ਮੀਟਿੰਗ ਵਿਚ ਮੌਜੂਦ ਅਧਿਆਪਕਾਂ ਵਲੋਂ 22 ਫਰਵਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਵਿਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਦੀ ਗੱਲ ਆਖੀ ਗਈ |