ਪਟਿਆਲਾ, 17 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਸਰਕਾਰੀ ਬਹੁਤਕਨੀਕੀ ਕਾਲਜ ਐਸ.ਐਸ.ਟੀ. ਨਗਰ ਵਿਖੇ ਵਿਦਿਆਰਥੀਆਂ ਨੂੰ ਸੰਪੂਰਨ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਸਮਾਜ ਸੇਵੀ ਸੰਸਥਾ ਅੰਮਿ੍ਤ ਫਾਊਾਡੇਸ਼ਨ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ | ਇਸ ਮੌਕੇ ਸੰਪੂਰਨ ਸਿਹਤ ਅਤੇ ਆਹਾਰ ਮਾਹਿਰ ਸੰਜੀਵ ਸਰਮਾ ਮੁੱਖ ਵਕਤਾ ਵਜੋਂ ਪਹੁੰਚੇ, ਜਦਕਿ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਗਮ ਦੀ ਪ੍ਰਧਾਨਗੀ ਕਾਲਜ ਦੇ ਪਿ੍ੰਸੀਪਲ ਇੰਜੀਨੀਅਰ ਜਸਦੇਵ ਸਿੰਘ ਕਾਲੇਕਾ ਨੇ ਕੀਤੀ | ਆਪਣੇ ਸੰਬੋਧਨ ਦੌਰਾਨ ਸੰਜੀਵ ਸਰਮਾ ਨੇ ''ਸੰਪੂਰਨ ਸਿਹਤ'' ਦੇ ਮੂਲ ਭਾਵ ਨੂੰ ਸਪਸ਼ਟ ਕਰਦਿਆਂ ਕਿਹਾ ਕਿ ਸਿਹਤ ਸਿਰਫ ਬਿਮਾਰੀ ਦੀ ਗ਼ੈਰਹਾਜ਼ਰੀ ਨਹੀਂ, ਬਲਕਿ ਸਰੀਰਕ, ਮਾਨਸਿਕ, ਭਾਵਨਾਤਮਕ ਅਤੇ ਆਤਮਿਕ ਤੌਰ 'ਤੇ ਸੰਤੁਲਿਤ ਜੀਵਨ ਜਿਊਣਾ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਤੁਲਿਤ ਆਹਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਜਾਨਾ ਖ਼ੁਰਾਕ ਵਿਚ ਤਾਜ਼ੇ ਫਲ, ਸਬਜ਼ੀਆਂ, ਪ੍ਰੋਟੀਨ ਅਤੇ ਪਾਣੀ ਦੀ ਪ੍ਰਚੁਰ ਮਾਤਰਾ ਬਹੁਤ ਜ਼ਰੂਰੀ ਹੈ | ਉਨ੍ਹਾਂ ਨੇ ਜੰਕ ਫੂਡ ਅਤੇ ਬੇਤਰਤੀਬ ਜੀਵਨ ਸ਼ੈਲੀ ਦੇ ਨੁਕਸਾਨਾਂ ਬਾਰੇ ਵੀ ਚੇਤਾਵਨੀ ਦਿੱਤੀ | ਲੈਕਚਰ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਸਵਾਲ ਪੁੱਛੇ ਅਤੇ ਆਪਣੀਆਂ ਸਮੱਸਿਆਵਾਂ ਵੀ ਸਾਂਝੀਆਂ ਕੀਤੀਆਂ | ਮੁੱਖ ਮਹਿਮਾਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਅੱਜ ਦੇ ਤੇਜ ਰਫ਼ਤਾਰ ਜੀਵਨ 'ਚ ਸਿਹਤ ਨੂੰ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ, ਇਸ ਲਈ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਸਮੇਂ ਦੀ ਲੋੜ ਹਨ | ਪਿ੍ੰਸੀਪਲ ਇੰਜੀਨੀਅਰ ਜਸਦੇਵ ਸਿੰਘ ਕਾਲੇਕਾ ਨੇ ਕਿਹਾ ਕਿ ਕਾਲਜ ਵਿਦਿਆਰਥੀਆਂ ਦੇ ਅਕਾਦਮਿਕ ਵਿਕਾਸ ਦੇ ਨਾਲ-ਨਾਲ ਅਤੇ ਵਿਅਕਤੀਗਤ ਵਿਕਾਸ 'ਤੇ ਵੀ ਧਿਆਨ ਕੇਂਦਰਿਤ ਕਰਦਾ ਹੈ | ਇਸ ਮੌਕੇ ਪੰਜਾਬੀ ਸਾਹਿਤ ਜਗਤ ਦੇ ਉੱਘੇ ਅਨੁਵਾਦਕ ਚਰਨ ਗਿੱਲ, ਪ੍ਰਸਿੱਧ ਨਾਟਕਕਾਰ ਬਲਰਾਮ ਬੋਧੀ, ਐਡਵੋਕੇਟ ਜਗਮੋਹਨ ਸਿੰਘ, ਹਰਪ੍ਰੀਤ ਪਾਲ ਸਿੰਘ, ਹਰਦੀਪ ਕੌਰ, ਅਮਨ ਅਰੋੜਾ, ਸੁਰਜੀਤ ਡਕਾਲਾ ਅਤੇ ਹੋਰ ਪਤਵੰਤੇ ਵਿਅਕਤੀ ਵੀ ਹਾਜ਼ਰ ਸਨ |