ਬਨੂੜ, 18 ਅਪ੍ਰੈਲ (ਭੁਪਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅਕਾਲੀ ਦਲ ਦੇ ਹਲਕਾ ਇੰਚਾਰਜਾਂ ਨੂੰ ਮੰਡੀਆਂ ਦਾ ਦੌਰਾ ਕਰਨ ਦੇ ਦਿੱਤੇ ਗਏ ਨਿਰਦੇਸ਼ ਤੋਂ ਬਾਅਦ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਹਲਕਾ ਇੰਚਾਰਜ ਰਾਜਪੁਰਾ ਨੇ ਆਪਣੇ ਸਾਥੀਆਂ ਨਾਲ ਬਨੂੜ ਅਨਾਜ ਮੰਡੀ ਦਾ ਦੌਰਾ ਕਰਕੇ ਉਥੇ ਮੌਜੂਦ ਕਿਸਾਨਾਂ ਦੀਆਂ ਸ਼ਿਕਾਇਤਾਂ ਨੂੰ ਸੁਣਿਆ | ਅਨਾਜ ਮੰਡੀ ਦਾ ਦੌਰਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਰਾਜਪੁਰਾ ਦੀ ਟੀਮ ਵਲੋਂ ਅੱਜ ਬਨੂੜ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ ਹੈ ਅਤੇ ਉਥੇ ਮੌਜੂਦ ਕਿਸਾਨਾਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਸੀ ਕਿ ਡਾਲਾ ਖੋਲਣ ਤੋਂ ਪਹਿਲਾਂ ਕਣਕ ਦੀ ਵਿਕਰੀ ਹੋ ਜਾਇਆ ਕਰੇਗੀ ਪਰ ਇਸ ਦੇ ਉਲਟ ਅਜੇ ਤੱਕ ਕੋਈ ਕਦਮ ਨਹੀਂ ਚੁੱਕਿਆ ਜਿਸ ਕਾਰਨ ਕਈ ਕਈ ਦਿਨ ਕਿਸਾਨ ਆਪਣੀ ਫਸਲ ਨੂੰ ਵੇਚਣ ਲਈ ਅਨਾਜ ਮੰਡੀ ਵਿਚ ਰਾਤਾਂ ਕੱਟਣ ਲਈ ਮਜਬੂਰ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਸੂਬੇ ਸਰਕਾਰ ਦੀ ਨਲਾਇਕੀ ਕਾਰਨ ਮੰਡੀਆਂ ਵਿਚ ਕਣਕ ਦੀ ਖਰੀਦ ਨਾ ਹੋਣ ਕਾਰਨ ਫਸਲ ਦੇ ਅੰਬਾਰ ਲੱਗੇ ਹੋਏ ਹਨ | ਜਿਸ ਕਾਰਨ ਕਿਸਾਨ ਬੇਹੱਦ ਪ੍ਰੇਸ਼ਾਨ ਹਨ | ਇਸ ਮੌਕੇ ਸੀਨੀਅਰ ਅਕਾਲੀ ਆਗੂ ਸਾਧੂ ਸਿੰਘ ਖਲੋਰ, ਸੁਰਿੰਦਰ ਸਿੰਘ ਘੁਮਾਣਾ, ਸਰਕਲ ਪ੍ਰਧਾਨ ਰਘਵੀਰ ਸਿੰਘ ਮੋਹੀ, ਖੇੜਾ ਗੱਜੂ ਦੇ ਸਰਕਲ ਪ੍ਰਧਾਨ ਨੰਬਰਦਾਰ ਰਘਵੀਰ ਸਿੰਘ, ਜਗਤਾਰ ਸਿੰਘ ਕੰਬੋਜ ਕਨੌੜ, ਸੀਨੀਅਰ ਆਗੂ ਅਸ਼ੋਕ ਕੁਮਾਰ ਸਾਬਕਾ ਸਰਪੰਚ, ਅਮਰੀਕ ਸਿੰਘ ਧਰਮਗੜ੍ਹ, ਪ੍ਰਦੀਪ ਕੁਮਾਰ, ਕਰਨੈਲ ਸਿੰਘ ਜਲਾਲਪੁਰ, ਹੀਰਾ ਭਾਊ ਬਨੂੜ, ਕੁਲਦੀਪ ਸਿੰਘ, ਅਮਰਜੀਤ ਸਿੰਘ ਆਦਿ ਹਾਜ਼ਰ ਸਨ |