ਨਾਭਾ, 25 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਭਾਰਤ ਵਿਕਾਸ ਪਰਿਸ਼ਦ ਇਕਾਈ ਨਾਭਾ ਵਲੋਂ ਜਿੱਥੇ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ, ਉੱਥੇ ਹੀ ਸਕੂਲਾਂ ਵਿਚ ਲੋੜਵੰਦ ਬੱਚਿਆਂ ਦੀ ਮਦਦ ਵੀ ਕੀਤੀ ਜਾਂਦੀ ਹੈ | ਇਸੇ ਤਹਿਤ ਸੰਸਥਾ ਵਲੋਂ ਸਥਾਨਕ ਪਟਿਆਲਾ ਗੇਟ ਸਥਿਤ ਆਰੀਆ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ 31 ਲੋੜਵੰਦ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ | ਸੰਸਥਾ ਦੇ ਜਨਰਲ ਸਕੱਤਰ ਵਿਕਾਸ ਮਿੱਤਲ ਅਤੇ ਕੈਸ਼ੀਅਰ ਅਸ਼ਵਨੀ ਮਦਾਨ ਨੇ ਕਿਹਾ ਕਿ ਸੰਸਥਾ ਦੇ ਮੈਂਬਰ ਮੈਡਮ ਨੀਲਮ ਰਾਣੀ ਵਲੋਂ ਆਪਣੇ ਬੇਟੇ ਦੀ ਯਾਦ 'ਚ 31 ਲੋੜਵੰਦ ਬੱਚਿਆਂ ਵਰਦੀਆਂ ਦਿੱਤੀਆਂ ਗਈਆਂ ਹਨ | ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਅਸ਼ਵਨੀ ਮਦਾਨ ਨੇ ਭਾਰਤ ਵਿਕਾਸ ਪ੍ਰੀਸ਼ਦ ਇਕਾਈ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਲੋੜਵੰਦ ਬੱਚਿਆਂ ਦੀ ਜ਼ਰੂਰਤ ਨੂੰ ਵੇਖਦੇ ਹੋਏ ਵਰਦੀਆਂ ਵੰਡੀਆਂ ਗਈਆਂ ਹਨ ਤਾਂ ਕਿ ਬੱਚਿਆਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇ | ਉਨ੍ਹਾਂ ਕਿਹਾ ਕਿ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਕਿ ਇਹ ਸੰਸਥਾ ਹਮੇਸ਼ਾ ਹੀ ਸਮਾਜ ਭਲਾਈ ਦੇ ਕਾਰਜ ਕਰਦੀ ਰਹੇ ਅਤੇ ਸਮੂਹ ਮੈਂਬਰ ਚੜ੍ਹਦੀ ਕਲਾ ਵਿਚ ਰਹਿਣ | ਨੀਲਮ ਰਾਣੀ ਨੇ ਕਿਹਾ ਕਿ ਸੰਸਥਾ ਦਾ ਮੁੱਖ ਮਕਸਦ ਲੋੜਵੰਦ ਬੱਚਿਆਂ ਦੀ ਮਦਦ ਕਰਨਾ ਹੈ | ਇਸ ਮੌਕੇ ਵਿਕਾਸ ਮਿੱਤਲ, ਅਸ਼ਵਨੀ ਮਦਾਨ, ਸਾਬਕਾ ਪ੍ਰਧਾਨ ਨਰਿੰਦਰ ਵਰਮਾ, ਮਹਿਲਾ ਪ੍ਰਮੁੱਖ ਹੀਨਾ ਸਿੰਗਲਾ, ਸੰਜੇ ਢੀਂਗਰਾ, ਨਰਿੰਦਰ ਕੁਮਾਰ ਗਰਗ, ਦੀਵਿਆ ਜੈਨ, ਦਿਨੇਸ਼ ਕੁਮਾਰ, ਸੁਨੈਨਾ ਰਾਣੀ, ਬਿੰਦੂ ਮਦਾਨ ਤੋਂ ਇਲਾਵਾ ਸਕੂਲ ਸਟਾਫ਼ ਹਾਜ਼ਰ ਸਨ |