ਬਸੀ ਪਠਾਣਾਂ, 26 ਅਪ੍ਰੈਲ (ਪੱਤਰ ਪ੍ਰੇਰਕ)-ਬੀਤੀ 14 ਅਪ੍ਰੈਲ ਦੀ ਰਾਤ ਨੂੰ ਵਿਸਾਖੀ ਮੌਕੇ ਸ੍ਰੀ ਆਨੰਦਪੁਰ ਸਾਹਿਬ ਤੋਂ ਵਾਪਸ ਪਰਤ ਰਹੇ ਸ਼ਰਧਾਲੂਆਂ ਦੀ ਬੱਸ ਨਾਲ ਪਿੰਡ ਹਿੰਮਤਪੁਰਾ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਬੱਸ ਵਿਚ ਸਵਾਰ 9 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ, ਅੱਜ ਮਿ੍ਤਕਾਂ ਵਿਚੋਂ ਅੱਠ ਦੀ ਅੰਤਿਮ ਅਰਦਾਸ ਉਨ੍ਹਾਂ ਦੇ ਜੱਦੀ ਪਿੰਡ ਮੈਣ ਮਾਜਰੀ ਵਿਖੇ ਸ਼ਰਧਾ ਅਤੇ ਦੁੱਖ ਭਰੇ ਮਾਹੌਲ ਵਿਚ ਕੀਤੀ ਗਈ ਅੰਤਿਮ ਅਰਦਾਸ ਦੌਰਾਨ ਸਮੂਹਿਕ ਰੂਪ ਵਿਚ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਵਲੋਂ ਕੀਤੇ ਗਏ ਵੈਰਾਗਮਈ ਕੀਰਤਨ ਨੇ ਮਾਹੌਲ ਨੂੰ ਹੋਰ ਵੀ ਭਾਵੁਕ ਬਣਾ ਦਿੱਤਾ | ਵੱਡੀ ਗਿਣਤੀ ਵਿਚ ਪਹੁੰਚੀ ਸੰਗਤ ਨੇ ਮਿ੍ਤਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ | ਇਸ ਦੁਖਦਾਈ ਮੌਕੇ 'ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਪ੍ਰਤੀਨਿਧੀਆਂ ਨੇ ਵੀ ਹਾਜ਼ਰੀ ਭਰੀ | ਇਸ ਵਿਚ ਵਿਸ਼ੇਸ਼ ਤੌਰ 'ਤੇ ਜਲੰਧਰ ਤੋਂ ਸੰਸਦ ਚਰਨਜੀਤ ਸਿੰਘ ਚੰਨੀ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕਾਰਜਕਾਰਨੀ ਪ੍ਰਧਾਨ ਬਲਵਿੰਦਰ ਸਿੰਘ ਭੰੂਦੜ, ਨਿਹੰਗ ਸਿੰਘ ਜਥੇਬੰਦੀ ਦੇ ਮੁਖੀ ਬਾਬਾ ਰਾਜਾ ਰਾਮ ਸਿੰਘ,ਸੰਸਦ ਮੈਬਰ ਭਾਈ ਅਮਿ੍ਤਪਾਲ ਸਿੰਘ ਦੇ ਪਿਤਾ ਬਾਬੂ ਤਰਸ਼ੇਮ ਸਿੰਘ, ਬਸੀ ਪਠਾਣਾਂ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ, ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਬੀਰ ਸਿੰਘ ਰਾਏ, ਸਾਬਕਾ ਮੰਤਰੀ ਡਾ. ਹਰਬੰਸ ਲਾਲ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਡਾ. ਮਨੋਹਰ ਸਿੰਘ, ਗੁਰਪ੍ਰੀਤ ਸਿੰਘ ਜੀਪੀ ਸੂਬਾ ਪ੍ਰਧਾਨ 'ਆਪ' ਐਸ.ਸੀ ਵਿੰਗ ਸਮੇਤ ਕਈ ਹੋਰ ਆਗੂਆਂ ਨੇ ਪਰਿਵਾਰਾਂ ਨਾਲ ਹਮਦਰਦੀ ਜਤਾਈ | ਸਿਆਸੀ ਆਗੂਆਂ ਨੇ ਹਾਦਸੇ ਦੇ ਕਾਰਨਾਂ 'ਤੇ ਚਿੰਤਾ ਜਤਾਉਂਦੇ ਹੋਏ ਬਸੀ-ਮੋਰਿੰਡਾ ਰੋਡ ਦੀ ਖ਼ਰਾਬ ਹਾਲਤ ਨੂੰ ਵੀ ਵੱਡਾ ਕਾਰਨ ਦੱਸਿਆ | ਉਨ੍ਹਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ | ਇਸ ਦੌਰਾਨ ਸਮਾਗਮ ਵਿਚ ਕੁਝ ਸਮੇਂ ਲਈ ਤਣਾਅਪੂਰਨ ਸਥਿਤੀ ਵੀ ਬਣ ਗਈ ਜਦੋਂ ਡਾ ਹਰਬੰਸ ਲਾਲ ਵਲੋਂ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਏ ਗਏ | ਕੁਝ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਉਨ੍ਹਾਂ ਨੂੰ ਬੋਲਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਸਮਰਥਨ ਕਰਦਿਆਂ ਬੋਲਣ ਲਈ ਕਿਹਾ | ਹਾਲਾਂਕਿ ਇਸ ਮਾਹੌਲ ਨੂੰ ਦੇਖਦੇ ਹੋਏ ਕਈ ਸੰਗਤਾਂ ਨੇ ਉਥੋਂ ਰੁਖ਼ਸਤ ਹੋਣਾ ਹੀ ਠੀਕ ਸਮਝਿਆ | ਬਾਅਦ ਵਿਚ ਗੱਲਬਾਤ ਕਰਦਿਆਂ ਡਾ. ਹਰਬੰਸ ਲਾਲ ਨੇ ਕਿਹਾ ਕਿ ਉਹ ਇਸ ਸਮਾਗਮ ਵਿਚ ਰਾਜਨੀਤੀ ਕਰਨ ਨਹੀਂ ਆਏ ਸਨ, ਸਗੋਂ ਪਿੰਡ ਨਾਲ ਨਿੱਜੀ ਰਿਸ਼ਤੇ ਕਰਕੇ ਦੁੱਖ ਵਿਚ ਸ਼ਾਮਿਲ ਹੋਣ ਆਏ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿੱਤ ਸ਼ਾਹ ਨੂੰ ਪੱਤਰ ਲਿਖ ਕੇ ਕੇਂਦਰ ਸਰਕਾਰ ਤੋਂ ਵੀ ਪੀੜਤ ਪਰਿਵਾਰਾਂ ਲਈ ਵਿੱਤੀ ਮਦਦ ਦੀ ਮੰਗ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੌਜੂਦਾ ਸਮੇਂ ਵਿਚ ਦਿੱਤੀ ਗਈ ਆਰਥਿਕ ਮਦਦ ਬਹੁਤ ਘੱਟ ਹੈ ਅਤੇ ਪ੍ਰਭਾਵਿਤ ਪਰਿਵਾਰਾਂ ਦੀ ਹਾਲਤ ਬਹੁਤ ਹੀ ਦੁਖਦਾਈ ਹੈ | ਇਸ ਲਈ ਉਨ੍ਹਾਂ ਮੰਗ ਕੀਤੀ ਕਿ ਹਰ ਮਿ੍ਤਕ ਦੇ ਪਰਿਵਾਰ ਨੂੰ ਘੱਟੋ-ਘੱਟ 25 ਲੱਖ ਰੁਪਏ ਦੀ ਆਰਥਿਕ ਸਹਾਇਤਾ ਅਤੇ ਸਪੈਸ਼ਲ ਪੈਨਸ਼ਨ ਦਿੱਤੀ ਜਾਵੇ | ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਨੇ ਇਕੱਠੇ ਹੋ ਕੇ ਮਿ੍ਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਸ਼ਰਧਾਂਜਲੀ ਸਮਾਗਮ ਵਿਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਰਿਆ, ਸ਼੍ਰੋਮਣੀ ਅਕਾਲੀ ਦਲ ਹਲਕਾ ਬਸੀ ਪਠਾਣਾਂ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ, ਗੁਰਪ੍ਰੀਤ ਸਿੰਘ ਰਾਜੂ ਖੰਨਾ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਅਮਲੋਹ, ਬਲਜੀਤ ਸਿੰਘ ਭੁੱਟਾ ਹਲਕਾ ਇੰਚਾਰਜ ਫ਼ਤਹਿਗੜ੍ਹ ਸਾਹਿਬ,ਜਿਲ੍ਹਾਂ ਪ੍ਰਧਾਨ ਦਿਹਾਤੀ ਸ਼ਰਨਜੀਤ ਸਿੰਘ ਚਨਾਰਥਲ,ਐਡ.ਵਰਿੰਦਰ ਸਿੰਘ ਢਿੱਲੋ, ਭਾਜਪਾ ਆਗੂ ਜਗਦੀਪ ਸਿੰਘ ਚੀਮਾ, ਗੁਰਮੀਤ ਸਿੰਘ ਸੋਨੰੂ ਚੀਮਾ, ਧਰਮ ਸਿੰਘ ਕਲੌੜ ਪੀ.ਏ.ਸੀ. ਮੈਂਬਰ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ), ਸਾਬਕਾ ਵਿੱਦਿਆ ਸਕੱਤਰ ਅਵਤਾਰ ਸਿੰਘ ਸੈਂਪਲਾਂ, ਐਡਵੋਕੇਟ ਰਵਿੰਦਰ ਸਿੰਘ ਸੈਂਪਲਾਂ, ਬਲਜਿੰਦਰ ਸਿੰਘ ਬੌੜ, ਅਮਰੀਕ ਸਿੰਘ ਰੋਮੀ,ਰਣਜੀਤ ਸਿੰਘ ਤਰਖਾਣ ਮਾਜਰਾ, ਮਾਸਟਰ ਚਰਨਜੀਤ ਸਿੰਘ ਖਾਲਸਪੁਰ, ਸਤਨਾਮ ਸਿੰਘ ਕਾਲੇਮਾਜਰਾ,ਹਰਵੇਲ ਸਿੰਘ ਮਾਧੋਪੁਰ, ਅਵਤਾਰ ਸਿੰਘ ਕਮਾਲੀ, ਬਿੱਟੂ ਸਾਬਕਾ ਸਰਪੰਚ, ਜਗਤਾਰ ਸਿੰਘ ਦਮਹੇੜੀ,ਪ੍ਰਦੀਪ ਸਿੰਘ ਕਲੋੜ,ਗੁਰਦੀਪ ਸਿੰਘ ਨੌਲੱਖਾ, ਸਤਵੀਰ ਸਿੰਘ ਨੌਗਾਵਾਂ, ਸਰਜੀਤ ਸਿੰਘ ਕਾਲੇਵਾਲ ਸਮੇਤ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ |