ਪਟਿਆਲਾ, 15 ਮਈ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਦਿਹਾਤੀ ਦੇ ਫ਼ੈਕਟਰੀ ਏਰੀਆ ਦੇ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਲੱਗੇ ਕੂੜੇ ਦੇ ਢੇਰਾਂ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਅੱਜ ਸਥਾਨਕ ਲੋਕਾਂ ਨੇ ਪੰਜਾਬ ਸਰਕਾਰ, ਨਗਰ ਨਿਗਮ ਅਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਆਮ ਲੋਕਾਂ ਦਾ ਦੋਸ਼ ਹੈ ਕਿ ਇਲਾਕੇ ਵਿਚ ਲੰਮੇ ਸਮੇਂ ਤੋਂ ਫੈਲੀ ਗੰਦਗੀ ਅਤੇ ਬਦਬੂ ਦੇ ਕਾਰਨ ਲੋਕਾਂ ਦਾ ਜਿਊਣਾ ਮੁਸ਼ਕਲ ਹੋਇਆ ਪਿਆ ਹੈ | ਇਸ ਦੇ ਬਾਵਜੂਦ ਨਗਰ ਨਿਗਮ ਅਤੇ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਇਸ ਮੌਕੇ ਸਮਾਜ ਸੇਵੀ ਅਤੇ ਭਾਜਪਾ ਦੇ ਸੀਨੀ. ਆਗੂ ਡਾ. ਗੁਰਵਿੰਦਰ ਕਾਂਸਲ ਨੇ ਦੱਸਿਆ ਕਿ ਇਕ ਪਾਸੇ ਪੰਜਾਬ ਸਰਕਾਰ ਵਿਕਾਸ, ਸਿੱਖਿਆ ਅਤੇ ਸਿਹਤ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਅਤੇ ਪਿੰਡਾਂ ਤੇ ਸ਼ਹਿਰਾਂ ਵਿਚ ਲੋਕਾਂ ਦੀ ਸਿਹਤ ਲਈ ਪਾਰਕ ਬਣਾਉਣ ਦੀਆਂ ਗੱਲਾਂ ਕਰ ਰਹੀ ਹੈ ਪਰ ਦੂਜੇ ਪਾਸੇ ਪਟਿਆਲਾ ਦੇ ਫ਼ੈਕਟਰੀ ਏਰੀਆ ਅਤੇ ਆਸ-ਪਾਸ ਦੀਆਂ ਕਈ ਕਾਲੋਨੀਆਂ ਦੇ ਵਸਨੀਕ ਇਨ੍ਹਾਂ ਕੂੜੇ ਦੇ ਢੇਰਾਂ ਕਾਰਨ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ | ਡਾ. ਕਾਂਸਲ ਨੇ ਕਿਹਾ ਕਿ ਸਰਕਾਰ ਗਊ ਸੈੱਸ ਦੇ ਨਾਮ 'ਤੇ ਲੋਕਾਂ ਤੋਂ ਮੋਟੀਆਂ ਰਕਮਾਂ ਇਕੱਠੀਆਂ ਕਰ ਰਹੀ ਹੈ ਪਰ ਇਨ੍ਹਾਂ ਕੂੜੇ ਦੇ ਢੇਰਾਂ 'ਤੇ ਗਾਵਾਂ ਅਤੇ ਹੋਰ ਆਵਾਰਾ ਪਸ਼ੂ ਖਾਣ ਦੀ ਤਲਾਸ਼ ਵਿਚ ਘੁੰਮਦੇ ਰਹਿੰਦੇ ਹਨ | ਇਸ ਕਾਰਨ ਇਲਾਕੇ ਵਿਚ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ | ਉਨ੍ਹਾਂ ਅੱਗੇ ਕਿਹਾ ਕਿ ਪੂਰੇ ਇਲਾਕੇ ਵਿਚ ਗੰਦਗੀ ਦੀ ਬਦਬੂ ਦੂਰ-ਦੂਰ ਤੱਕ ਫੈਲੀ ਹੋਈ ਹੈ | ਇਹ ਕੋਈ ਅਧਿਕਾਰਤ ਕੂੜਾ ਡੰਪ ਨਹੀਂ ਹੈ ਸਗੋਂ ਇਸ ਦੇ ਨਾਲ ਸਰਕਾਰ ਵਲੋਂ ਬਣਾਇਆ ਗਿਆ ਪਾਰਕ ਹੈ ਜੋ ਬਜ਼ੁਰਗਾਂ ਅਤੇ ਬੱਚਿਆਂ ਲਈ ਤਿਆਰ ਕੀਤਾ ਗਿਆ ਸੀ | ਇਸ ਮੌਕੇ ਵਰਿੰਦਰ ਗੁਪਤਾ, ਅਨੂਪ ਸ਼ਰਮਾ, ਐਸ.ਕੇ. ਪਾਠੀ, ਇਸ਼ਾਂਤ, ਸੁਸ਼ਾਂਤ, ਭੋਲਾ ਸਿੰਘ, ਯਸ਼, ਰਾਜਵੀਰ, ਸਾਹਿਲ, ਐਡ. ਰਾਮਜੀਤ, ਪੰਡਿਤ ਦਿਨੇਸ਼ ਤਿਵਾੜੀ ਸਮੇਤ ਹੋਰ ਇਲਾਕਾ ਵਾਸੀ ਮੌਜੂਦ ਸਨ |