ਐਸ. ਡੀ. ਐਮ. ਤੇ ਡੀ.ਐਸ.ਪੀ. ਨੇ ਸਮਾਣਾ 'ਚ ਕਰੰਟ ਦੀ ਲਪੇਟ 'ਚ ਆਏ ਨੌਜਵਾਨ ਦੇ ਇਲਾਜ ਦਾ ਲਿਆ ਜਾਇਜ਼ਾ
ਅਜੀਤ ਡੈਸਕ
30-05-2026
ਸਮਾਣਾ, 29 ਮਈ (ਸਾਹਿਬ ਸਿੰਘ)-ਬੀਤੇ ਦਿਨੀਂ ਸਮਾਣਾ ਵਿਖੇ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਨਾਲ ਲੱਗਕੇ ਜ਼ਖ਼ਮੀ ਹੋਏ ਇਕ ਨੌਜਵਾਨ ਦਾ ਇਲਾਜ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਇਲਾਜ ਚੱਲ ਰਿਹਾ ਹੈ | ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਨਿਰਦੇਸ਼ਾਂ ਅਨੁਸਾਰ ਅੱਜ ਐਸ.ਡੀ.ਐਮ. ਸਮਾਣਾ ਰਿਚਾ ਗੋਇਲ ਅਤੇ ਡੀ.ਐਸ.ਪੀ. ਫ਼ਤਿਹ ਸਿੰਘ ਬਰਾੜ ਨੇ ਹਸਪਤਾਲ ਦੇ ਆਈ.ਸੀ.ਯੂ. ਵਿਚ ਦਾਖਲ ਨੌਜਵਾਨ ਯਾਕੂਬ ਦੀ ਸਿਹਤ ਦਾ ਹਾਲ ਚਾਲ ਜਾਣਿਆ | ਰਿਚਾ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਦੌਰਾਨ ਨੌਜਵਾਨ ਦਾ ਇਲਾਜ ਕਰ ਰਹੀ ਡਾਕਟਰੀ ਟੀਮ ਨਾਲ ਗੱਲਬਾਤ ਕਰਕੇ ਇਲਾਜ ਪ੍ਰਬੰਧਾਂ ਦਾ ਜਾਇਜ਼ਾ ਲਿਆ | ਇਸ ਤੋਂ ਇਲਾਵਾ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਮਿਲ ਕੇ ਦੱਸਿਆ ਕਿ ਉਸ ਦਾ ਇਲਾਜ ਬਿਹਤਰੀਨ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਸ ਦੇ ਇਲਾਜ ਲਈ ਪੂਰੀ ਤਰ੍ਹਾਂ ਸੁਚੇਤ ਹੈ ਅਤੇ ਇਸ ਬਾਬਤ ਰੋਜ਼ਾਨਾ ਰਿਪੋਰਟ ਲਈ ਜਾ ਰਹੀ ਹੈ ਅਤੇ ਸਮਾਣਾ ਦੇ ਤਹਿਸੀਲਦਾਰ ਨੂੰ ਲਗਾਤਾਰ ਸਥਿਤੀ 'ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ | ਜਦਕਿ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵੀ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਤੇ ਸਿਵਲ ਸਰਜਨ ਨੂੰ ਨੌਜਵਾਨ ਦੇ ਇਲਾਜ ਬਾਬਤ ਨਿਰਦੇਸ਼ ਦਿੱਤੇ ਗਏ ਹਨ | ਰਿਚਾ ਗੋਇਲ ਨੇ ਕਿਹਾ ਕਿ ਡਾਕਟਰਾਂ ਮੁਤਾਬਕ ਮਰੀਜ਼ ਦੀ ਹਾਲਤ ਸਥਿਰ ਹੈ ਅਤੇ ਉਹ ਲਗਾਤਾਰ ਇਲਾਜ ਨੂੰ ਸਹਿਯੋਗ ਦੇ ਰਿਹਾ ਹੈ |