ਸਮਾਣਾ, 29 ਮਈ (ਸਾਹਿਬ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਸਮਾਣਾ ਦੇ ਮੁਖੀ ਜਗਮੀਤ ਸਿੰਘ ਹਰਿਆਊ ਨੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ 'ਤੇ ਇਕ ਵਾਰੀ ਫਿਰ ਨਗਰ ਕੌਂਸਲ ਦੀਆਂ ਚੋਣਾਂ ਵਿਚ ਧੱਕੇਸ਼ਾਹੀ ਅਤੇ ਗੁੰਡਾਗਰਦੀ ਦਾ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਸ. ਰੱਖੜਾ ਦੀ ਧੱਕੇਸ਼ਾਹੀ ਦੇ ਬਾਵਜੂਦ ਸ਼ਹਿਰ ਦੇ ਲੋਕਾਂ ਨੇ ਪਾਰਟੀ ਉਮੀਦਵਾਰਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ ਅਤੇ ਤਿੰਨ ਸੀਟਾਂ ਸ਼ੋ੍ਰਮਣੀ ਅਕਾਲੀ ਦਲ ਨੂੰ ਦਿੱਤੀਆਂ ਹਨ | ਉਨ੍ਹਾਂ ਆਖਿਆ ਕਿ ਰੱਖੜਾ ਨੇ ਗਦਾਰੀ ਕਰਕੇ ਦਲ ਨੂੰ ਸਮਾਣਾ ਵਿਚ ਖ਼ਤਮ ਕਰ ਦਿੱਤਾ ਸੀ ਅਤੇ ਉਨ੍ਹਾਂ ਨੇ ਪਾਰਟੀ ਦਾ ਨਵਾਂ ਢਾਂਚਾ ਖੜ੍ਹਾ ਕੀਤਾ ਪਰ ਫਿਰ ਵੀ ਉਹ ਸ਼ਹਿਰ ਦੀਆਂ ਤਿੰਨ ਸੀਟਾਂ ਜਿੱਤਣ ਵਿਚ ਕਾਮਯਾਬ ਰਹੇ ਹਨ | ਉਨ੍ਹਾਂ ਸ਼ਹਿਰ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ | ਉਨ੍ਹਾਂ ਨਾਲ ਅਜੈਬ ਸਿੰਘ ਮਲ੍ਹੀ ਵੀ ਸਨ |