31 ਨੂੰ ਅਕਾਲੀ ਦਲ ਅੰਮਿ੍ਤਸਰ ਦੀ ਹੋਵੇਗੀ ਵਿਸ਼ਾਲ ਕਾਨਫਰੰਸ-ਨੌਨਿਹਾਲ ਸਿੰਘ ਸ਼ੇਰਗੜ੍ਹ
ਅਜੀਤ ਡੈਸਕ
30-05-2026
ਦੇਵੀਗੜ੍ਹ, 29 ਮਈ (ਰਾਜਿੰਦਰ ਸਿੰਘ ਮੌਜੀ)-ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਨੇ ਸਾਲ 2027 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੀਆਂ ਸਿਆਸੀ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ | ਪਾਰਟੀ ਵਲੋਂ 2027 ਦੇ 'ਚੋਣ ਦੰਗਲ' ਲਈ ਨਗਾਰੇ 'ਤੇ ਚੋਟ ਮਾਰਦਿਆਂ 31 ਮਈ ਦਿਨ ਐਤਵਾਰ ਨੂੰ ਪਟਿਆਲਾ ਵਿਖੇ ਇਕ ਵਿਸ਼ਾਲ 'ਜ਼ਿਲਾ ਕਾਨਫ਼ਰੰਸ' ਕੀਤੀ ਜਾ ਰਹੀ ਹੈ | ਜਾਣਕਾਰੀ ਦਿੰਦਿਆਂ ਜ਼ਿਲਾ ਜਨਰਲ ਸਕੱਤਰ ਨੌਨਿਹਾਲ ਸਿੰਘ ਸ਼ੇਰਗੜ ਨੇ ਦੱਸਿਆ ਕਿ ਇਹ ਕਾਨਫਰੰਸ ਸਥਾਨਕ ਪੈਸੀਫਿਕ ਰਿਜ਼ਾਰਟ ਪੁਰਾਣਾ ਫ਼ੈਕਟਰੀ ਏਰੀਆ ਪਟਿਆਲਾ ਵਿਖੇ ਸਵੇਰੇ 10 ਵਜੇ ਸ਼ੁਰੂ ਹੋਵੇਗੀ | ਉਨਾਂ ਕਿਹਾ ਕਿ ਪੰਜਾਬ ਇਸ ਵੇਲੇ ਬਹੁਤ ਗੰਭੀਰ ਸੰਕਟਾਂ ਵਿਚੋਂ ਲੰਘ ਰਿਹਾ ਹੈ | ਉਨਾਂ ਕਿਹਾ ਕਿ ਇਸ ਮਹਾਂ-ਕਾਨਫ਼ਰੰਸ ਵਿਚ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਪੰਜਾਬ ਦੇ ਭਖਦੇ ਮਸਲਿਆਂ 'ਤੇ ਪਾਰਟੀ ਦੀ ਰਣਨੀਤੀ ਸਾਂਝੀ ਕਰਨਗੇ ਅਤੇ ਲੋਕਾਂ ਨੂੰ ਜਾਗਰੂਕ ਕਰਨਗੇ | ਜ਼ਿਲਾ ਜਨਰਲ ਸਕੱਤਰ ਨੇ ਦੱਸਿਆ ਕਿ ਇਸ ਕਾਨਫ਼ਰੰਸ ਦੌਰਾਨ ਸੂਬੇ ਵਿਚ ਲਗਾਤਾਰ ਵਧ ਰਹੀ ਮਹਿੰਗਾਈ, ਬੇਰੁਜ਼ਗਾਰੀ ਦੀ ਗੰਭੀਰ ਸਮੱਸਿਆ, ਨਸ਼ਿਆਂ ਦੇ ਵਧ ਰਹੇ ਰੁਝਾਨ ਅਤੇ ਸਿੱਖ ਨੌਜਵਾਨਾਂ ਦੀ ਗੈਰ-ਕਾਨੂੰਨੀ ਢੰਗ ਨਾਲ ਹੋ ਰਹੀ ਫੜੋ-ਫੜਾਈ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾਵੇਗੀ |
ਇਸ ਤੋਂ ਇਲਾਵਾ ਪੰਜਾਬ ਦੇ ਪਾਣੀਆਂ ਦੀ ਲੁੱਟ ਅਤੇ ਹਵਾ-ਪਾਣੀ-ਧਰਤੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਵਰਗੇ ਅਹਿਮ ਵਿਸ਼ਿਆਂ 'ਤੇ ਪਾਰਟੀ ਲੀਡਰਸ਼ਿਪ ਵਲੋਂ ਵਿਸਥਾਰਪੂਰਵਕ ਵਿਚਾਰ ਪੇਸ਼ ਕੀਤੇ ਜਾਣਗੇ | ਨੌਨਿਹਾਲ ਸਿੰਘ ਸ਼ੇਰਗੜ ਨੇ ਦੱਸਿਆ ਕਿ ਕਾਨਫ਼ਰੰਸ ਨੰੂ ਸਫਲ ਬਣਾਉਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਸਮਾਗਮ ਵਿਚ ਕੌਮੀ ਜਨਰਲ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ, ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਭਜਨ ਸਿੰਘ ਕਸ਼ਮੀਰੀ ਸਣੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਰਹੇਗੀ |