ਦੇਵੀਗੜ੍ਹ, 30 ਮਈ (ਰਾਜਿੰਦਰ ਸਿੰਘ ਮੌਜੀ)-ਹਲਕਾ ਸਨੌਰ ਦੇ ਸਰਬਪੱਖੀ ਵਿਕਾਸ ਨੂੰ ਹੋਰ ਗਤੀ ਦੇਣ ਅਤੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਬੂਹੇ 'ਤੇ ਹੱਲ ਕਰਨ ਲਈ ਇਕ ਵੱਡੀ ਪਹਿਲਕਦਮੀ ਕੀਤੀ ਗਈ ਹੈ | ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਵਲੋਂ ਅੱਜ ਨਵੀਂ ਅਨਾਜ ਮੰਡੀ ਦੇਵੀਗੜ ਵਿਖੇ ਮੁੱਖ ਦਫ਼ਤਰ ਦਾ ਉਦਘਾਟਨ ਪੂਰੀ ਚੜਦੀਕਲਾ ਨਾਲ ਕੀਤਾ ਗਿਆ | ਇਸ ਉਦਘਾਟਨੀ ਸਮਾਗਮ ਦੀ ਸ਼ੁਰੂਆਤ ਇਲਾਕੇ ਦੀ ਖ਼ੁਸ਼ਹਾਲੀ, ਅਮਨ-ਸ਼ਾਂਤੀ ਅਤੇ ਚੜਦੀਕਲਾ ਦੀ ਅਰਦਾਸ ਨਾਲ ਹੋਈ | ਇਸ ਮੌਕੇ ਹਲਕੇ ਭਰ 'ਚੋਂ ਪਹੁੰਚੇ ਸੈਂਕੜੇ ਬਲਾਕ ਸੰਮਤੀ ਮੈਂਬਰਾਂ, ਸਰਪੰਚਾਂ-ਪੰਚਾਂ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕਰਕੇ ਹਡਾਣਾ ਨੂੰ ਵਧਾਈ ਦਿੱਤੀ | ਸਮਾਗਮ ਦੌਰਾਨ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਨਤਾ ਦੀ ਆਪਣੀ ਸਰਕਾਰ ਹੈ, ਜੋ ਲੋਕਾਂ ਦੇ ਹਿਤਾਂ ਲਈ ਦਿਨ-ਰਾਤ ਕੰਮ ਕਰ ਰਹੀ ਹੈ | ਦੇਵੀਗੜ ਵਿਖੇ ਇਸ ਮੁੱਖ ਦਫ਼ਤਰ ਨੂੰ ਖੋਲਣ ਦਾ ਮੁੱਖ ਮਕਸਦ ਹਲਕਾ ਨਿਵਾਸੀਆਂ ਨੂੰ ਇਕ ਅਜਿਹਾ ਪਲੇਟਫ਼ਾਰਮ ਦੇਣਾ ਹੈ, ਜਿੱਥੇ ਆ ਕੇ ਉਹ ਬਿਨਾਂ ਕਿਸੇ ਝਿਜਕ ਦੇ ਆਪਣੀਆਂ ਮੁਸ਼ਕਲਾਂ ਦੱਸ ਸਕਣ | ਉਨਾਂ ਭਰੋਸਾ ਦਿਵਾਇਆ ਕਿ ਲੋਕਾਂ ਦੇ ਪ੍ਰਸਾਸ਼ਨਿਕ ਕੰਮ, ਬਿਜਲੀ-ਪਾਣੀ ਦੀ ਕਿੱਲਤ, ਸੜਕਾਂ ਦੀ ਮੁਰੰਮਤ ਜਾਂ ਸਰਕਾਰੀ ਲੋਕ-ਭਲਾਈ ਸਕੀਮਾਂ ਦਾ ਲਾਭ ਲੈਣ ਵਰਗੀਆਂ ਸਾਰੀਆਂ ਰੋਜ਼ਮਰਾ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ | ਹੁਣ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ | ਚੇਅਰਮੈਨ ਹਡਾਣਾ ਨੇ ਅੱਗੇ ਕਿਹਾ ਕਿ ਇਸ ਦਫ਼ਤਰ ਰਾਹੀਂ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰੀ ਖੇਤਰਾਂ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦੀ ਰੋਜ਼ਾਨਾ ਸਮੀਖਿਆ ਤੇ ਨਿਗਰਾਨੀ ਕੀਤੀ ਜਾਵੇਗੀ, ਤਾਂ ਜੋ ਨਿਰਮਾਣ ਕਾਰਜਾਂ 'ਚ ਤੇਜ਼ੀ ਲਿਆਂਦੀ ਜਾ ਸਕੇ | ਇਸ ਪ੍ਰਭਾਵਸ਼ਾਲੀ ਉਦਘਾਟਨੀ ਸਮਾਗਮ ਮੌਕੇ ਇਲਾਕੇ ਦੀ ਲੀਡਰਸ਼ਿਪ ਨੇ ਵੱਡੀ ਹਾਜ਼ਰੀ ਲਗਵਾਈ, ਜਿਨਾਂ 'ਚ ਮੁੱਖ ਤੌਰ 'ਤੇ ਸ਼ਾਮਲ ਸਨ ਬਲਦੇਵ ਸਿੰਘ ਦੇਵੀਗੜ ਚੇਅਰਮੈਨ, ਹਨੀ ਮਾਹਲਾ ਚੇਅਰਮੈਨ, ਚਰਨਜੀਤ ਸਿੰਘ ਨੈਣਾ ਚੇਅਰਮੈਨ, ਸਿਮਰਜੀਤ ਸਿੰਘ ਸੋਹਲ ਵਾਈਸ ਚੇਅਰਮੈਨ, ਹੈਪੀ ਪਹਾੜੀਪੁਰ ਚੇਅਰਮੈਨ, ਹਰਪ੍ਰੀਤ ਸਿੰਘ ਘੁਮਾਣ ਵਾਈਸ ਚੇਅਰਮੈਨ, ਗੁਰਪ੍ਰੀਤ ਗੋਪੀ ਮੈਂਬਰ ਜ਼ਿਲਾ ਪ੍ਰੀਸ਼ਦ, ਮਨਿੰਦਰ ਸਿੰਘ ਫ੍ਰਾਂਸਵਾਲਾ ਪ੍ਰਧਾਨ, ਬੀ.ਸੀ. ਵਿੰਗ, ਰਾਜਾ ਧੰਜੂ ਸਰਪੰਚ ਆਦਿ ਹਾਜ਼ਰ ਸਨ |