ਸਨੌਰ, 30 ਮਈ (ਮੋਹਣ ਸਿੰਘ ਭੱਟੀ)-ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ 'ਤੇ ਕੇਂਦਰ ਸਰਕਾਰ ਦੀਆਂ ਸਾਰੀਆਂ ਜਨ-ਕਲਿਆਣਕਾਰੀ ਸਕੀਮਾਂ ਦਾ ਅਸਲ ਅਤੇ ਸਿੱਧਾ ਲਾਭ ਹਰ ਲੋੜਵੰਦ ਇਨਸਾਨ ਤੱਕ ਬਿਨਾਂ ਕਿਸੇ ਪੱਖਪਾਤ ਦੇ ਪਹੁੰਚਾਇਆ ਜਾਵੇਗਾ | ਇਹ ਪ੍ਰਗਟਾਵਾ ਭਾਜਪਾ ਜ਼ਿਲ੍ਹਾ ਪਟਿਆਲਾ ਦਿਹਾਤੀ ਦੇ ਮੀਤ ਪ੍ਰਧਾਨ ਪਿ੍ੰਸੀਪਲ ਡਾ. ਹਰਦੀਪ ਸਿੰਘ ਤੇਜਾ ਨੇ ਹਲਕਾ ਸਨੌਰ ਦੇ ਵੱਖ-ਵੱਖ ਪਿੰਡਾਂ ਵਿੱਚ ਚਲਾਈ ਆਪਣੀ ਵਿਸ਼ੇਸ਼ ਜਨ ਸੰਪਰਕ ਮੁਹਿੰਮ ਦੌਰਾਨ ਲੋਕਾਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਦੌਰੇ ਤਹਿਤ ਜਦੋਂ ਡਾ. ਤੇਜਾ ਪਿੰਡ ਕਰਤਾਰਪੁਰ ਵਿਖੇ ਪਹੁੰਚੇ ਤਾਂ ਉੱਥੇ ਪਿੰਡ ਵਾਸੀਆਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਇਕੱਠੇ ਹੋਏ ਪਿੰਡ ਵਾਸੀਆਂ ਦੇ ਰੂ-ਬਰੂ ਹੁੰਦਿਆਂ ਪਾਰਟੀ ਦੀਆਂ ਨੀਤੀਆਂ ਅਤੇ ਕੇਂਦਰੀ ਯੋਜਨਾਵਾਂ ਨੂੰ ਸਾਂਝਾ ਕੀਤਾ | ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਜਾਗਰੂਕ ਕਰਦਿਆਂ ਵਿਸਥਾਰ ਵਿਚ ਦੱਸਿਆ ਕਿ ਇਸ ਸਮੇਂ ਪਿੰਡਾਂ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਚੱਲ ਰਹੇ ਬਹੁਤ ਸਾਰੇ ਅਹਿਮ ਕਾਰਜ ਕੇਂਦਰ ਸਰਕਾਰ ਦੀਆਂ ਸਕੀਮਾਂ ਦੇ ਅਧੀਨ ਹੀ ਹੋ ਰਹੇ ਹਨ, ਜਿਨ੍ਹਾਂ ਦਾ ਮੁੱਖ ਮਕਸਦ ਪੇਂਡੂ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ | ਉਨ੍ਹਾਂ ਨੇ ਪ੍ਰਧਾਨ ਮੰਤਰੀ ਗ੍ਰਾਮ ਆਵਾਸ ਯੋਜਨਾ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ, ਆਯੂਸ਼ਮਾਨ ਸਿਹਤ ਬੀਮਾ ਯੋਜਨਾ ਅਤੇ ਮਨਰੇਗਾ ਵਰਗੀਆਂ ਪ੍ਰਮੁੱਖ ਲੋਕ-ਪੱਖੀ ਯੋਜਨਾਵਾਂ ਦੇ ਫ਼ਾਇਦਿਆਂ ਬਾਰੇ ਲੋਕਾਂ ਨੂੰ ਖੋਲ੍ਹ ਕੇ ਦੱਸਿਆ ਤਾਂ ਜੋ ਹਰ ਕੋਈ ਆਪਣੇ ਹੱਕਾਂ ਪ੍ਰਤੀ ਸੁਚੇਤ ਹੋ ਸਕੇ | ਇਸ ਜਨ ਸੰਪਰਕ ਮੀਟਿੰਗ ਦੌਰਾਨ ਇਕੱਠੇ ਹੋਏ ਪਿੰਡ ਵਾਸੀਆਂ ਨੇ ਡਾ. ਤੇਜਾ ਦੇ ਸਾਹਮਣੇ ਆਪਣੇ ਦੁੱਖ-ਦਰਦ ਸਾਂਝੇ ਕਰਦਿਆਂ ਕਿਹਾ ਕਿ ਜ਼ਮੀਨੀ ਪੱਧਰ 'ਤੇ ਉਨ੍ਹਾਂ ਨੂੰ ਇਨ੍ਹਾਂ ਕੇਂਦਰੀ ਸਕੀਮਾਂ ਦਾ ਪੂਰਾ ਲਾਭ ਨਹੀਂ ਮਿਲ ਰਿਹਾ ਹੈ ਅਤੇ ਉਹ ਅੱਜ ਵੀ ਬਹੁਤ ਸਾਰੀਆਂ ਬੁਨਿਆਦੀ ਸਮੱਸਿਆਵਾਂ ਨਾਲ ਜੂਝ ਰਹੇ ਹਨ | ਲੋਕਾਂ ਦੀਆਂ ਗੰਭੀਰ ਮੁਸ਼ਕਲਾਂ ਅਤੇ ਸ਼ਿਕਾਇਤਾਂ ਨੂੰ ਬਹੁਤ ਹੀ ਹਮਦਰਦੀ ਨਾਲ ਸੁਣਨ ਤੋਂ ਬਾਅਦ ਭਾਜਪਾ ਆਗੂ ਡਾ. ਹਰਦੀਪ ਸਿੰਘ ਤੇਜਾ ਨੇ ਪਿੰਡ ਵਾਸੀਆਂ ਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਪੰਜਾਬ ਦੀ ਧਰਤੀ 'ਤੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਬਣਨ 'ਤੇ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਨੂੰ ਜੜ੍ਹ ਤੋਂ ਖ਼ਤਮ ਕਰ ਦਿੱਤਾ ਜਾਵੇਗਾ | ਉਨ੍ਹਾਂ ਭਰੋਸਾ ਦਿੱਤਾ ਕਿ ਸੂਬੇ ਵਿਚ ਉਦਯੋਗਿਕ ਅਤੇ ਪੇਂਡੂ ਵਿਕਾਸ ਨੂੰ ਹੁਲਾਰਾ ਦੇ ਕੇ ਪੜ੍ਹੇ-ਲਿਖੇ ਯੋਗ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਅਤੇ ਬਿਹਤਰ ਸਾਧਨ ਪੈਦਾ ਕੀਤੇ ਜਾਣਗੇ | ਇਸ ਦੇ ਨਾਲ ਹੀ ਉਨ੍ਹਾਂ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਜਦੋਂ ਤੱਕ ਨੌਜਵਾਨਾਂ ਨੂੰ ਯੋਗ ਰੁਜ਼ਗਾਰ ਨਹੀਂ ਮਿਲ ਜਾਂਦਾ, ਉਦੋਂ ਤੱਕ ਸਰਕਾਰ ਵੱਲੋਂ ਉਨ੍ਹਾਂ ਨੂੰ ਆਰਥਿਕ ਸਹਾਰਾ ਦੇਣ ਲਈ ਬੇਰੁਜ਼ਗਾਰੀ ਭੱਤਾ ਵੀ ਮੁਹੱਈਆ ਕਰਵਾਇਆ ਜਾਵੇਗਾ | ਇਸ ਵਿਸ਼ੇਸ਼ ਅਤੇ ਪ੍ਰਭਾਵਸ਼ਾਲੀ ਮੀਟਿੰਗ ਦਾ ਸਾਰਾ ਪ੍ਰਬੰਧ ਬੀਬਾ ਹਰਪ੍ਰੀਤ ਕੌਰ ਵੱਲੋਂ ਸਮੂਹ ਪਿੰਡ ਵਾਸੀਆਂ ਦੇ ਭਰਵੇਂ ਸਹਿਯੋਗ ਅਤੇ ਤਾਲਮੇਲ ਨਾਲ ਬਹੁਤ ਹੀ ਸੁਚੱਜੇ ਢੰਗ ਨਾਲ ਆਯੋਜਿਤ ਕੀਤਾ ਗਿਆ ਸੀ | ਡਾ. ਤੇਜਾ ਦੇ ਹਾਂ-ਪੱਖੀ ਵਿਚਾਰਾਂ, ਪਾਰਟੀ ਦੀ ਲੋਕ-ਹਿੱਤੂ ਸੋਚ ਅਤੇ ਭਵਿੱਖੀ ਯੋਜਨਾਵਾਂ ਤੋਂ ਪ੍ਰਭਾਵਿਤ ਹੋ ਕੇ ਮੀਟਿੰਗ ਵਿੱਚ ਹਾਜ਼ਰ ਸਮੂਹ ਪਿੰਡ ਵਾਸੀਆਂ ਨੇ ਜਿੱਥੇ ਭਾਜਪਾ ਦੀਆਂ ਨੀਤੀਆਂ 'ਤੇ ਆਪਣੀ ਪੂਰਨ ਸਹਿਮਤੀ ਜਤਾਈ |