ਨਾਭਾ, 27 ਜੂਨ (ਵਰਿੰਦਰ ਵਰਮਾ)-ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਸੂਬਾਈ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਨਾਭਾ ਸ਼ਹਿਰ ਵਿਚ ਨਾਲਿਆਂ ਦੀ ਅਧੂਰੀ ਸਫ਼ਾਈ, ਜਾਮ ਡਰੇਨੇਜ ਪ੍ਰਬੰਧਾਂ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਸਰਕਾਰ ਦੇ ਵਿਕਾਸ ਦੇ ਦਾਅਵੇ ਸਿਰਫ਼ ਇਸ਼ਤਿਹਾਰਾਂ ਅਤੇ ਸਰਕਾਰੀ ਕਾਗਜ਼ਾਂ ਤੱਕ ਸੀਮਿਤ ਹਨ, ਜਦਕਿ ਜ਼ਮੀਨੀ ਹਕੀਕਤ ਇਕ ਬਿਲਕੁਲ ਵੱਖਰੀ ਤਸਵੀਰ ਪੇਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਨਾਭਾ ਵਲੋਂ ਜਾਰੀ ਕੀਤੇ ਗਏ ਇਕ ਅਧਿਕਾਰਕ ਪੱਤਰ ਨੇ ਵੀ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਸ਼ਹਿਰ ਦੇ ਕਈ ਮੁੱਖ ਨਾਲਿਆਂ ਦੀ ਸਫਾਈ ਅਜੇ ਤੱਕ ਮੁਕੰਮਲ ਨਹੀਂ ਹੋਈ। ਮੌਕੇ ’ਤੇ ਕੀਤੇ ਗਏ ਨਿਰੀਖਣ ਅਤੇ ਸਥਾਨਕ ਨਿਵਾਸੀਆਂ ਤੋਂ ਪ੍ਰਾਪਤ ਸ਼ਿਕਾਇਤਾਂ ਅਨੁਸਾਰ ਪਟਿਆਲਾ ਗੇਟ, ਆਰੀਆ ਸਕੂਲ ਇਲਾਕਾ, ਬਠੀਂਡੀਆ ਮੁਹੱਲਾ, ਨਿਊ ਪਟੇਲ ਨਗਰ, ਹੀਰਾ ਮਹਿਲ, ਅਕਾਲਗੜ੍ਹ ਗੁਰੂਦੁਆਰਾ ਸਾਹਿਬ, ਭੱਟਾ ਮੁਹੱਲਾ, ਮੈਹਸ ਗੇਟ, ਹਕੀਮਾ ਮੁਹੱਲਾ, ਸਿਨੇਮਾ ਰੋਡ, ਬਸੰਤਪੁਰਾ ਮੁਹੱਲਾ, ਨਵੀਂ ਬਸਤੀ, ਜੱਟਾਂ ਵਾਲਾ ਬਾਸ, ਵਰਿਆਮ ਸਿੰਘ ਸਟਰੀਟ, ਡਾ. ਰਾਮ ਕਿਸ਼ੋਰ ਸਟਰੀਟ, ਨਿਆਸਾ ਵਾਲੀ ਦਰਗਾਹ, ਭਿੱਖੀ ਮੋੜ ਮਾਰਕੀਟ, ਸਦਰ ਥਾਣਾ, ਤੁਲਸੀ ਚੌਕ, ਅਜੀਤ ਨਗਰ, ਕ੍ਰਿਸ਼ਨਾ ਪੁਰੀ ਅਤੇ ਜੇ.ਡੀ. ਜਿੰਮ ਤੋਂ ਸੱਜੂ ਭੱਟ ਰਾਹੀਂ ਮੁੰਨਾ ਲਾਲ ਦੇ ਧਰਮ ਕੰਡੇ ਤੱਕ ਦੇ ਇਲਾਕਿਆਂ ਵਿਚ ਗੰਭੀਰ ਡਰੇਨੇਜ ਸਮੱਸਿਆਵਾਂ ਮੌਜੂਦ ਹਨ। ਉਨ੍ਹਾਂ ਕਿਹਾ ਕਿ ਮੁੰਨਾ ਲਾਲ ਦੇ ਧਰਮ ਕੰਡੇ ਨਾਲ ਸੰਬੰਧਿਤ ਮੁੱਖ ਡਰੇਨੇਜ ਮਾਰਗਾਂ ਦੀ ਹਾਲਤ ਖ਼ਾਸ ਤੌਰ ’ਤੇ ਚਿੰਤਾਜਨਕ ਹੈ। ਨਾਲਿਆਂ ਵਿਚ ਵੱਡੀ ਮਾਤਰਾ ਵਿਚ ਗਾਦ, ਕੂੜਾ-ਕਰਕਟ ਅਤੇ ਜੰਗਲੀ ਬੂਟੇ ਜਮੇ ਹੋਏ ਹਨ। ਜਿਸ ਕਾਰਨ ਆਉਣ ਵਾਲੇ ਬਰਸਾਤੀ ਮੌਸਮ ਦੌਰਾਨ ਜਲ ਭਰਾਅ ਅਤੇ ਲੋਕਾਂ ਦੀ ਸਿਹਤ ਲਈ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ। ਡਿਪਟੀ ਕਮਿਸ਼ਨਰ ਪਟਿਆਲਾ ਨੂੰ ਭੇਜੀ ਗਈ ਸ਼ਿਕਾਇਤ ਵਿੱਚ ਪਰਮਜੀਤ ਸਿੰਘ ਕੈਂਥ ਨੇ ਨਾਭਾ ਸ਼ਹਿਰ ਵਿਚ ਪਿਛਲੇ ਕਈ ਸਾਲਾਂ ਦੌਰਾਨ ਨਾਲਾ ਸਫਾਈ ਅਤੇ ਡਰੇਨੇਜ ਪ੍ਰਬੰਧਾਂ ’ਤੇ ਖ਼ਰਚ ਕੀਤੇ ਗਏ ਸਰਕਾਰੀ ਫੰਡਾਂ ਦੀ ਵਿਸ਼ੇਸ਼ ਆਡਿਟ, ਵਿਜੀਲੈਂਸ ਜਾਂਚ ਅਤੇ ਸੁਤੰਤਰ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਬੀਤੀ ਦਿਨੀ ਏ.ਡੀ.ਸੀ. ਪਟਿਆਲਾ ਨੇ ਨਾਭੇ ਦੇ ਨਾਲਿਆਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਵਲੋਂ ਠੇਕੇਦਾਰ ਨੂੰ ਹਦਾਇਤਾਂ ਦਿੱਤੀਆਂ ਕਿ ਨਾਲੇ ਦੀ ਸਫਾਈ ਨੂੰ ਸਹੀ ਢੰਗ ਨਾਲ ਕੀਤੀ ਜਾਵੇ ਅਤੇ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਇਸ ਕੰਮ ਨੂੰ ਨਪੇੜੇ ਚਾੜਿਆ ਜਾਵੇ। ਇਸ ਮੌਕੇ ਭਗਵੰਤ ਸਿੰਘ ਰਾਮਗੜ੍ਹੀਆ, ਸਰਬਜੀਤ ਸਿੰਘ ਰਾਮਗੜ੍ਹੀਆ, ਜਸਪ੍ਰੀਤ ਸਿੰਘ, ਬੌਬੀ ਗੋਇਲ, ਜਸਪ੍ਰੀਤ ਸਿੰਘ ਅਤੇ ਰਣਜੀਤ ਰਾਣਾ ਵੀ ਮੌਜੂਦ ਸਨ।