ਪਟਿਆਲਾ, 8 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਦਿਹਾਤੀ ਹਲਕੇ ਦੇ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਨੇ ਅੱਜ ਅਰਬਨ ਅਸਟੇਟ ਫ਼ੇਜ਼-1 ਦਾ ਦੌਰਾ ਕਰਕੇ ਇਲਾਕੇ ਦੀਆਂ ਟੁੱਟੀਆਂ ਸੜਕਾਂ, ਹਰ ਮੀਂਹ ਤੋਂ ਬਾਅਦ ਕਈ ਦਿਨਾਂ ਤੱਕ ਖੜ੍ਹੇ ਰਹਿਣ ਵਾਲੇ ਪਾਣੀ ਅਤੇ ਨਿਕਾਸੀ ਪ੍ਰਬੰਧਾਂ ਦੀ ਬੇਹੱਦ ਮਾੜੀ ਹਾਲਤ ’ਤੇ ਡੂੰਘੀ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਵੱਡੇ-ਵੱਡੇ ਵਿਕਾਸੀ ਦਾਅਵੇ ਜ਼ਮੀਨ ’ਤੇ ਆ ਕੇ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋ ਰਹੇ ਹਨ, ਜਦਕਿ ਲੋਕ ਅੱਜ ਵੀ ਟੁੱਟੀਆਂ ਸੜਕਾਂ, ਗੰਦੇ ਪਾਣੀ ਅਤੇ ਬੁਨਿਆਦੀ ਸਹੂਲਤਾਂ ਦੀ ਕਮੀ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਇਲਾਕਾ ਵਾਸੀਆਂ ਵਲੋਂ ਵਾਰ-ਵਾਰ ਅਪੀਲਾਂ, ਸ਼ਿਕਾਇਤਾਂ ਅਤੇ ਮੰਗਾਂ ਕਰਨ ਦੇ ਬਾਵਜੂਦ ਨਾ ਸੜਕਾਂ ਦੀ ਮੁਰੰਮਤ ਹੋਈ ਅਤੇ ਨਾ ਹੀ ਪਾਣੀ ਦੀ ਨਿਕਾਸੀ ਲਈ ਕੋਈ ਪੱਕਾ ਪ੍ਰਬੰਧ ਕੀਤਾ ਗਿਆ। ਇਹ ਸਿੱਧਾ-ਸਿੱਧਾ ਸਰਕਾਰ ਦੀ ਬੇਰੁਖ਼ੀ, ਨਾਕਾਮੀ ਅਤੇ ਲੋਕਾਂ ਪ੍ਰਤੀ ਬੇਸੁਧੀ ਦਾ ਸਬੂਤ ਹੈ। ਜਸਪਾਲ ਸਿੰਘ ਬਿੱਟੂ ਚੱਠਾ ਨੇ ਕਿਹਾ ਕਿ ਜਿਹੜੀ ਸਰਕਾਰ ਹਰ ਮੰਚ ਤੋਂ ਵਿਕਾਸ ਦੇ ਝੂਠੇ ਨਾਅਰੇ ਮਾਰਦੀ ਹੈ, ਉਸ ਦੇ ਰਾਜ ਵਿਚ ਲੋਕ ਅੱਜ ਵੀ ਛੱਪੜਾਂ ਵਰਗੀਆਂ ਸੜਕਾਂ ’ਚੋਂ ਲੰਘਣ ਲਈ ਮਜਬੂਰ ਹਨ। ਹਰ ਮੀਂਹ ਤੋਂ ਬਾਅਦ ਅਰਬਨ ਅਸਟੇਟ ਫ਼ੇਜ਼-1 ਦੀਆਂ ਸੜਕਾਂ ਤਬਾਹੀ ਦਾ ਨਜ਼ਾਰਾ ਪੇਸ਼ ਕਰਦੀਆਂ ਹਨ, ਜਿਸ ਕਾਰਨ ਆਮ ਲੋਕਾਂ, ਸਕੂਲੀ ਬੱਚਿਆਂ, ਬਜ਼ੁਰਗਾਂ, ਮਹਿਲਾਵਾਂ ਅਤੇ ਦੋਪਹੀਆ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਸਿਰਫ਼ ਵਾਅਦੇ ਕੀਤੇ ਪਰ ਕੰਮ ਦੇ ਨਾਮ ’ਤੇ ਖ਼ਾਲੀ ਖਾਨਾਪੂਰਤੀ ਕੀਤੀ। ਜਿੱਥੇ ਲੋਕਾਂ ਨੂੰ ਸੜਕਾਂ, ਸੀਵਰੇਜ, ਨਿਕਾਸੀ ਅਤੇ ਸਫ਼ਾਈ ਵਰਗੀਆਂ ਬੁਨਿਆਦੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਸਨ, ਉੱਥੇ ਸਰਕਾਰ ਨੇ ਸਿਰਫ਼ ਇਸ਼ਤਿਹਾਰਬਾਜ਼ੀ, ਬਿਆਨਬਾਜ਼ੀ ਅਤੇ ਫ਼ੋਟੋ ਖਿਚਵਾਉਣ ਦੀ ਰਾਜਨੀਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਲਗਾਤਾਰ ਸ਼ਿਕਾਇਤਾਂ ਦੇ ਬਾਵਜੂਦ ਜੇਕਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਤਾਂ ਇਹ ਸਿਰਫ਼ ਪ੍ਰਸ਼ਾਸਨ ਦੀ ਨਹੀਂ ਸਗੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵੀ ਸਿੱਧੀ ਜ਼ਿੰਮੇਵਾਰੀ ਹੈ। ਲੋਕਾਂ ਦੇ ਟੈਕਸਾਂ ਨਾਲ ਇਕੱਠਾ ਹੋਣ ਵਾਲਾ ਪੈਸਾ ਜੇਕਰ ਬੁਨਿਆਦੀ ਸਹੂਲਤਾਂ ’ਤੇ ਵੀ ਖ਼ਰਚ ਨਹੀਂ ਹੋ ਰਿਹਾ, ਤਾਂ ਸਰਕਾਰ ਨੂੰ ਲੋਕਾਂ ਅੱਗੇ ਜਵਾਬ ਦੇਣਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਸਿਰਫ਼ ਟੁੱਟੀਆਂ ਸੜਕਾਂ ਤੱਕ ਸੀਮਤ ਨਹੀਂ, ਸਗੋਂ ਹਰ ਮੀਂਹ ਤੋਂ ਬਾਅਦ ਖੜ੍ਹਾ ਰਹਿਣ ਵਾਲਾ ਗੰਦਾ ਪਾਣੀ ਬਿਮਾਰੀਆਂ, ਹਾਦਸਿਆਂ ਅਤੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਨਰਕ ਬਣਾਉਣ ਦਾ ਕਾਰਨ ਬਣ ਰਿਹਾ ਹੈ। ਜਦੋਂ ਲੋਕ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਇਨ੍ਹਾਂ ਸੜਕਾਂ ਤੋਂ ਲੰਘਣ ਲਈ ਮਜਬੂਰ ਹਨ। ਜਸਪਾਲ ਸਿੰਘ ਬਿੱਟੂ ਚੱਠਾ ਨੇ ਮੰਗ ਕੀਤੀ ਕਿ ਅਰਬਨ ਅਸਟੇਟ ਫ਼ੇਜ਼-1 ਦੀਆਂ ਖ਼ਰਾਬ ਸੜਕਾਂ ਦਾ ਤੁਰੰਤ ਨਵਾਂ ਨਿਰਮਾਣ ਕੀਤਾ ਜਾਵੇ ਅਤੇ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਸਥਾਈ, ਪ੍ਰਭਾਵਸ਼ਾਲੀ ਅਤੇ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਦੀ ਇਸ ਜਾਇਜ਼ ਮੰਗ ਨੂੰ ਵੀ ਅਣਡਿੱਠਾ ਕੀਤਾ ਗਿਆ ਤਾਂ ਸ਼ੋ੍ਰਮਣੀ ਅਕਾਲੀ ਦਲ ਇਲਾਕਾ ਵਾਸੀਆਂ ਨੂੰ ਨਾਲ ਲੈ ਕੇ ਲੋਕਤਾਂਤਰਿਕ ਢੰਗ ਨਾਲ ਤਿੱਖਾ ਸੰਘਰਸ਼ ਕਰੇਗਾ ਅਤੇ ਇਸ ਮੁੱਦੇ ਨੂੰ ਹਰ ਪੱਧਰ ’ਤੇ ਉਠਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਹੁਣ ਆਮ ਆਦਮੀ ਪਾਰਟੀ ਦੇ ਖੋਖਲੇ ਵਾਅਦਿਆਂ ਨਾਲ ਨਹੀਂ, ਸਗੋਂ ਜ਼ਮੀਨੀ ਪੱਧਰ ’ਤੇ ਹੋਣ ਵਾਲੇ ਕੰਮਾਂ ਨਾਲ ਸਰਕਾਰ ਦਾ ਹਿਸਾਬ ਕਰ ਰਹੇ ਹਨ। ਜਿਹੜੀਆਂ ਸਮੱਸਿਆਵਾਂ ਸਾਲਾਂ ਤੋਂ ਲੋਕਾਂ ਨੂੰ ਪਰੇਸ਼ਾਨ ਕਰ ਰਹੀਆਂ ਹਨ, ਉਨ੍ਹਾਂ ਦਾ ਹੱਲ ਕਰਨਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੈ, ਜਿਸ ਤੋਂ ਉਹ ਹੁਣ ਹੋਰ ਨਹੀਂ ਭੱਜ ਸਕਦੀ। ਇਸ ਮੌਕੇ ਮਨਜੀਤ ਸਿੰਘ ਸਾਹੀ ਸਰਕਲ ਪ੍ਰਧਾਨ, ਰਾਜਵਿੰਦਰ ਸਿੰਘ ਰਾਜਾ, ਕਾਕਾ ਵੋਹਰਾ, ਸਹਿਜ ਮੱਕੜ ਕੋਆਰਡੀਨੇਟਰ, ਹਲਕਾ ਪਟਿਆਲਾ ਦਿਹਾਤੀ, ਪਰਮਜੀਤ ਸਿੰਘ ਪੰਮਾ ਸਾਬਕਾ ਐਮ.ਸੀ., ਹਰਬੰਸ ਸਿੰਘ ਬਰਾੜ, ਮਾਲਵਿੰਦਰ ਸਿੰਘ ਸਿੱਧੂ, ਸੁਖਬੀਰ ਖਰੌੜ, ਜਗਜੀਤ ਸਿੰਘ ਮੱਤੀ, ਜਰਨੈਲ ਸਿੰਘ, ਜਸਵਿੰਦਰ ਸਿੰਘ, ਆਤਮ ਕੁਮਾਰ, ਅਮਨਦੀਪ ਸਿੰਘ ਸੈਣੀ, ਸੁਖਵਿੰਦਰ ਸਿੰਘ ਰਾਠੌਰ, ਅਰਸ਼ਦੀਪ ਸਿੰਘ, ਅਮਨਦੀਪ ਸਿੰਘ, ਧਨਵੰਤ ਸਿੰਘ, ਨਰਿੰਦਰ ਸਿੰਘ ਸੰਧੂ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ ਅਤੇ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਭਰੋਸਾ ਦਿਵਾਇਆ।
ਮੀਂਹ ਕਾਰਨ ਟੁੱਟੀਆਂ ਸੜਕਾਂ ’ਤੇ ਭਰਿਆ ਪਾਣੀ ਖੋਲ੍ਹ ਰਿਹਾ ਹੈ ਸਰਕਾਰ ਦੀ ਪੋਲ- ਬਿੱਟੂ ਚੱਠਾ
ਅਜੀਤ ਡੈਸਕ
09-07-2026