ਪਟਿਆਲਾ, 8 ਜੁਲਾਈ (ਮਨਦੀਪ ਸਿੰਘ ਖਰੌੜ)-ਪੁਲਿਸ ਵਲੋਂ ਝਪਟਮਾਰ, ਚੋਰ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਭਾਵੇਂ ਕਿ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਪਰ ਹਾਲੇ ਤਕ ਵੀ ਇਨਾਂ ਮੁਲਜ਼ਮਾਂ ’ਤੇ ਪੂਰੀ ਤਰਾਂ ਕਾਬੂ ਨਹੀਂ ਪਿਆ। ਹੁਣ ਤਕ ਝਪਟਮਾਰਾਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਉਹ ਪ੍ਰਮੁੱਖ ਸੜਕਾਂ ਅਤੇ ਭੀੜ ਭੜੱਕੇ ਵਾਲੇ ਇਲਾਕਿਆਂ ’ਚ ਵੀ ਝਪਟਮਾਰੀ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਇਸੇ ਸਿਲਸਿਲੇ ਤਹਿਤ ਕੋਹਲੀ ਟਰਾਂਸਪੋਰਟ ਨੇੜੇ ਸਕੂਟਰੀ ’ਤੇ ਜਾ ਰਹੇ ਪਤੀ-ਪਤਨੀ ਤੋਂ ਮੋਟਰਸਾਈਕਲ ’ਤੇ ਆਏ ਅਣਪਛਾਤੇ ਵਿਅਕਤੀ ਸਕੂਟਰੀ ਤੋਂ ਔਰਤ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋ ਗਏ। ਇਸ ਦੌਰਾਨ ਸਕੂਟਰੀ ’ਤੇ ਸਵਾਰ ਜੋੜੇ ਦੇ ਵਾਹਨ ਦਾ ਸੰਤੁਲਨ ਹਿੱਲਣ ਕਾਰਨ ਉਹ ਸੜਕ ’ਤੇ ਡਿਗ ਗਏ ਤੇ ਉਨਾਂ ਦੇ ਸੱਟਾਂ ਲੱਗੀਆਂ ਪਰ ਝਪਟਮਾਰ ਬੇਖ਼ੌਫ਼ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ। ਜਿਸ ਆਧਾਰ ’ਤੇ ਥਾਣਾ ਕੋਤਵਾਲੀ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਅਨੇਕਾਂ ਅਜਿਹੇ ਕੇਸ ਸਾਹਮਣੇ ਆਏ ਹਨ ਜਿੱਥੇ ਝਪਟਮਾਰ ਸਕੂਟਰ, ਆਟੋ ਅਤੇ ਹੋਰ ਵਾਹਨ ’ਤੇ ਬੈਠੇ ਵਿਅਕਤੀਆਂ ਤੋਂ ਗਲ ਤੇ ਕੰਨਾਂ ਵਿਚ ਪਾਏ ਗਹਿਣੇ ਖੋਹ ਕੇ ਫ਼ਰਾਰ ਹੋਏ ਸੀ ਅਤੇ ਇਸ ਦੌਰਾਨ ਕਈ ਪੀੜਤਾਂ ਦੇ ਸੱਟਾਂ ਵੀ ਲੱਗੀਆਂ। ਇਸ ਦੇ ਬਾਵਜੂਦ ਵੀ ਪੁਲਿਸ ਵਲੋਂ ਅਜਿਹੇ ਅਨਸਰਾਂ ਨੂੰ ਕਾਬੂ ਨਹੀਂ ਕੀਤੇ ਗਏ ਜਿਹੜੇ ਕਿ ਪਿਛਲੇ ਕੱੁਝ ਸਮੇਂ ਤੋਂ ਪਟਿਆਲਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਸਰਗਰਮ ਚੱਲ ਰਹੇ ਹਨ। ਇਸ ਸੰਬੰਧੀ ਇਕ ਪੀੜਤ ਨੇ ਦੱਸਿਆ ਕਿ ਅੱਜਕੱਲ ਪਟਿਆਲਾ ਸ਼ਹਿਰ ’ਚ ਫ਼ੋਨ ਕਰਨਾ ਤੇ ਗਹਿਣਾ ਪਾ ਕੇ ਖੜਨ ਤੋਂ ਵੀ ਡਰ ਲੱਗਦਾ ਹੈ ਕਿਉਂਕਿ ਕੋਈ ਝਪਟਮਾਰ ਉਨਾਂ ਦੇ ਗਹਿਣੇ ਅਤੇ ਫ਼ੋਨ ਨਾ ਖੋਹ ਲੈ ਜਾਵੇ। ਉਨਾਂ ਕਿਹਾ ਕਿ ਇਸ ਸੰਬੰਧੀ ਪੁਲਿਸ ਨੂੰ ਅਜਿਹੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਉਹ ਥੋੜੇ ਜਿਹੇ ਲਾਲਚ ਪਿੱਛੇ ਵਿਅਕਤੀ ਦੀ ਜਾਨ ਜੋਖ਼ਮ ’ਚ ਪਾ ਸਕਦੇ ਹਨ ਅਤੇ ਝਪਟਮਾਰੀ ਦਾ ਸ਼ਿਕਾਰ ਹੋਏ ਵਿਅਕਤੀ ਦੀ ਜਾਨ ਵੀ ਜਾ ਸਕਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ? ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਜ਼ਿਆਦਾਤਰ ਝਪਟਮਾਰੀ ਪੇਸ਼ਾਵਰ ਅਪਰਾਧੀ ਹਨ ਜਿਨਾਂ ਨੂੰ ਇਕ ਵਾਰ ਅੰਦਰ ਕਰ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਜਲਦੀ ਜ਼ਮਾਨਤ ਮਿਲਣ ਤੋਂ ਬਾਅਦ ਇਹ ਕਾਰਵਾਈ ਦੁਬਾਰਾ ਸ਼ੁਰੂ ਕਰ ਦਿੰਦੇ ਹਨ। ਜਿਸ ਤਹਿਤ ਪੁਲਿਸ ਵਲੋਂ ਪੇਸ਼ਾਵਰ ਅਪਰਾਧੀਆਂ ਦੀ ਜ਼ਮਾਨਤ ਜਲਦੀ ਨਾ ਹੋਵੇ ਇਸ ਸੰਬੰਧੀ ਮਾਨਯੋਗ ਅਦਾਲਤ ’ਚ ਅਰਜ਼ੀਆਂ ਵੀ ਪੇਸ਼ ਕੀਤੀਆਂ ਜਾਂਦੀਆਂ ਹਨ ਤਾਂ ਜੋ ਇਹ ਮੁਲਜ਼ਮ ਜੁਰਮ ਦੀ ਰਾਹ ’ਤੇ ਮੁੜ ਤੋਂ ਨਾ ਤੁਰਨ।