ਨਾਭਾ, 8 ਜੁਲਾਈ (ਜਗਨਾਰ ਸਿੰਘ ਦੁਲੱਦੀ)-ਪੰਜਾਬ ’ਚ ਦਿਨੋ-ਦਿਨ ਚੋਰੀ ਦੀਆਂ ਵਾਰਦਾਤਾਂ ’ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ, ਚੋਰ ਬੇ-ਖੋਫ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਨਾਭਾ ਬਲਾਕ ਦੇ ਪਿੰਡ ਅਗੇਤੀ ਤੋਂ ਜਿਥੇ ਪਿੰਡ ਨਰਮਾਣਾ ਸੜਕ ’ਤੇ ਪਿੰਡ ਵਾਸੀਆਂ ਵਲੋਂ ਕਾਰ ਸਮੇਤ 2 ਨੌਜਵਾਨਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ, ਜਿਨ੍ਹਾਂ ਕੋਲੋਂ ਪੁਲਿਸ ਨੇ ਚੋਰੀ ਕੀਤੀਆਂ ਹੋਈਆਂ 4 ਵੱਡੀਆਂ ਬੈਟਰੀਆਂ ਬਰਾਮਦ ਕੀਤੀਆਂ ਹਨ ਜਦੋਂ ਕਿ ਇਨ੍ਹਾਂ ਨੌਜਵਾਨਾਂ ਦੇ ਦੋ ਸਾਥੀ ਭੱਜਣ ਵਿਚ ਕਾਮਯਾਬ ਹੋ ਗਏ ਹਨ, ਜਿਨ੍ਹਾਂ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਪਿੰਡ ਨਰਮਾਣਾ ਦੇ ਕਿਸਾਨ ਬਹਾਦਰ ਸਿੰਘ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਸਾਡੇ ਪਿੰਡ ਵਿਚ ਚੋਰੀਆਂ ਹੋ ਰਹੀਆਂ ਸਨ। ਜਿਸ ਕਰਕੇ ਅਸੀਂ ਇਨ੍ਹਾਂ ਦੋ ਨੌਜਵਾਨਾਂ ਦਾ ਪਿੱਛਾ ਕੀਤਾ ਅਤੇ ਇਨ੍ਹਾਂ ਦੀ ਗੱਡੀ ’ਚੋਂ ਚਾਰ ਬੈਟਰੀਆਂ ਜੋ ਚੋਰੀ ਕੀਤੀਆਂ ਹੋਈਆਂ ਹਨ ਉਹ ਬਰਾਮਦ ਕੀਤੀਆਂ ਅਤੇ ਇਨ੍ਹਾਂ ਦੋਵੇਂ ਵਿਅਕਤੀਆਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਪੁਲਿਸ ਪ੍ਰਸ਼ਾਸਨ ਦਾ ਮੰਗ ਕਰਦੇ ਹਾਂ ਇਨ੍ਹਾਂ ਨੌਜ਼ਵਾਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਅਜਿਹੀਆਂ ਚੋਰੀ ਦੀਆਂ ਵਾਰਦਾਤਾ ਨਾ ਵਾਪਰਨ। ਥਾਣਾ ਸਦਰ ਦੇ ਮੁਖੀ ਇੰਸਪੈਕਟਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਪੁਲੀਸ ਵਲੋਂ ਦੋ ਨੌਜਵਾਨਾਂ ਨੂੰ ਕਾਰ ਸਮੇਤ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ ਚਾਰ ਬੈਟਰੀਆਂ ਵੱਡੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਇਹਨਾਂ ਨੌਜਵਾਨਾਂ ਦੀ ਪਹਿਚਾਣ ਮਿਥੁਣ ਅਤੇ ਰਾਹੁਲ ਵੱਜੋ ਹੋਈ ਹੈ, ਅਤੇ ਪੁਲਿਸ ਦੇ ਵੱਲੋਂ ਦੋਵੇਂ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਜਾਂਚ ਆਰੰਭ ਦਿੱਤੀ ਗਈ ਹੈ।