ਸਮਾਣਾ, 30 ਜੁਲਾਈ (ਹਰਵਿੰਦਰ ਸਿੰਘ ਟੋਨੀ)-ਸਮਾਣਾ ਦੇ ਥਾਣਾ ਸ਼ਹਿਰੀ ਦੀ ਪੁਲਿਸ ਵਲੋਂ ਸਰਾਫ ਸੰਜੀਵ ਕੁਮਾਰ ਵਰਮਾ ਪੁੱਤਰ ਰਾਮ ਲਾਲ ਵਾਸੀ ਪ੍ਰਤਾਪ ਕਾਲੋਨੀ ਦੇ ਪੁੱਤਰ ਖ਼ਿਲਾਫ਼ 8-10 ਦਿਨ ਲੰਘ ਜਾਣ ’ਤੇ ਆਖਿਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਹੀ ਲਿਆ ਗਿਆ ਹੈ। ਪੁਲਿਸ ਵਲੋਂ ਗੁਰਨਿੰਦਰ ਕੌਰ ਪਤਨੀ ਸੰਦੀਪ ਸਿੰਘ ਵਾਸੀ ਦਿੜਬਾ ਹਾਲ ਆਬਾਦ ਸਮਾਣਾ ਪਾਤੜਾਂ ਸੜਕ ’ਤੇ ਸਥਿਤ ਕਾਲੋਨੀ ਗਰੀਨ ਸਿਟੀ ਬਲਾਕ-ਡੀ ਦੀ ਸ਼ਿਕਾਇਤ ’ਤੇ ਸੰਜੀਵ ਕੁਮਾਰ ਦੇ ਪੁੱਤਰ ਅਨੁਰਾਗ ਵਰਮਾ ਤੇ ਉਨ੍ਹਾਂ ਦੇ ਪੁਰਾਣੇ (ਨੌਕਰ) ਅਮਰੀਕ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਖੁਦਾਦਪੁਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵਲੋਂ ਉਕਤਾਨ ਖ਼ਿਲਾਫ਼ ਦਰਜ ਮੁਕੱਦਮਾ ਨੰ. 141/29-07-2026 ’ਚ ਗੁਰਨਿੰਦਰ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਸੰਜੀਵ ਕੁਮਾਰ ਦੇ ਪੁੱਤਰ ਅਨੁਰਾਗ ਵਰਮਾ ਦੀ ਸੁਨਿਆਰੇ ਦੀ ਦੁਕਾਨ ’ਤੇ ਉਨ੍ਹਾਂ ਇਕ ਸੋਨੇ ਦਾ ਲੌਕਟ ਤਿਆਰ ਕਰਵਾਇਆ ਸੀ, ਜਿਸ ਉਪਰੰਤ ਅਨੁਰਾਗ ਵਰਮਾ ਤੇ ਅਮਰੀਕ ਸਿੰਘ ਉਸਦੇ ਮੋਬਾਇਲ ਨੰਬਰ ’ਤੇ ਮੈਸੇਜ ਕਰਨ ਲੱਗ ਪਿਆ ਅਤੇ ਉਸ ਵਲੋਂ ਨੰਬਰ ਬਲਾਕ ਕਰਨ ’ਤੇ ਉਸਨੇ ਵੱਖ-ਵੱਖ ਨੰਬਰਾਂ ਤੋਂ ਮੈਸੇਜ ਕਰਨੇ ਸ਼ੁਰੂ ਕਰ ਦਿੱਤੇ ਤੇ ਕਥਿਤ ਦੋਸ਼ੀ ਵਲੋਂ ਬਾਜ਼ਾਰ ’ਚ ਵੀ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਗਿਆ। ਸ਼ਿਕਾਇਤਕਰਤਾ ਨੇ ਆਖਿਆ ਕਿ 19 ਜੁਲਾਈ ਨੂੰ ਉਹ ਆਪਣੇ ਪਤੀ ਸਮੇਤ ਕਾਰ ’ਚ ਸਵਾਰ ਗਿੱਲ ਪੈਲੇਸ ਪਾਤੜਾਂ ਸੜਕ ’ਤੇ ਗਈ ਤਾਂ ਦੋਸ਼ੀਆਂ ਵਲੋਂ ਮਾਰੂ ਹਥਿਆਰਾਂ ਨਾਲ ਉਸ ਦੀ ਅਤੇ ਉਸ ਦੇ ਪਤੀ ਦੀ ਕੁੱਟਮਾਰ ਕੀਤੀ ਤੇ ਅਨੁਰਾਗ ਵਰਮਾ ਨੇ ਆਪਣੀ ਕਾਰ ’ਚੋਂ ਪਿਸਟਲ ਕੱਢ ਕੇ ਕਈ ਫਾਇਰ ਕੀਤੇ। ਉਪ ਕਪਤਾਨ ਪੁਲਿਸ ਫਤਹਿ ਸਿੰਘ ਬਰਾੜ ਨੇ ਸੰਪਰਕ ਕਰਨ ’ਤੇ ਕਿਹਾ ਕਿ ਥਾਣਾ ਸ਼ਹਿਰੀ ਦੇ ਮੁਖ ਅਫਸਰ ਜਸਵਿੰਦਰ ਸਿੰਘ ਵਲੋਂ ਸਾਰੇ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਕਰਨ ’ਤੇ ਅਨੁਰਾਗ ਵਰਗਾ ਪੁੱਤਰ ਸੰਜੀਵ ਕੁਮਾਰ ਅਤੇ ਅਮਰੀਕ ਸਿੰਘ ਪੁੱਤਰ ਗੁਰਦੇਵ ਸਿੰਘ ਖ਼ਿਲਾਫ਼ ਕਿਸੇ ਵਿਅਕਤੀ ਦਾ ਵਾਰ-ਵਾਰ ਪਿੱਛਾ ਕਰਨਾ, ਜਾਣ ਬੁੱਝ ਕੇ ਸੱਟਾਂ ਮਾਰਨਾ, ਅਜਿਹਾ ਕੰਮ ਕਰਨਾ ਜਿਸ ਨਾਲ ਕਿਸੇ ਦੀ ਜਾਨ ਜਾਂ ਨਿੱਜੀ ਸੁਰੱਖਿਆ ਨੂੰ ਖਤਰਾ ਹੋਵੇ, ਕਿਸੇ ਵਿਅਕਤੀ ਨੂੰ ਗਲਤ ਤਰੀਕੇ ਰੋਕਣਾ ਜਾਂ ਆਵਾਜਾਈ ਵਿਚ ਰੁਕਾਵਟ ਪਾਉਣਾ, ਗੈਰ ਕਾਨੂੰਨੀ ਹਥਿਆਰ ਰੱਖਣਾ, ਹਥਿਆਰਾਂ ਦੀ ਵਰਤੋਂ ਕਰਕੇ ਅਪਰਾਧ ਕਰਨਾ ਆਦਿ ਦੋਸ਼ਾਂ ਨਾਲ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।