ਰਾਜਪੁਰਾ, 31 ਜੁਲਾਈ (ਜੀ. ਪੀ. ਸਿੰਘ)-ਬਰਨਾਲੇ ’ਚ ਸਫ਼ਾਈ ਸੇਵਕਾਂ ’ਤੇ ਹੋਏ ਤਸ਼ੱਦਦ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਸਮੁੱਚੇ ਪੰਜਾਬ ’ਚ ਸਫ਼ਾਈ ਸੇਵਕ ਹੜਤਾਲ ’ਤੇ ਹਨ। ਇਸੇ ਤਰ੍ਹਾਂ ਰਾਜਪੁਰਾ ’ਚ ਵੀ ਸਫ਼ਾਈ ਸੇਵਕ ਹੜਤਾਲ ’ਤੇ ਹਨ ਤੇ ਜਿਸ ਕਾਰਨ ਸ਼ਹਿਰ ਵਿਚ ਥਾਂ-ਥਾਂ ’ਤੇ ਕੂੜੇ ਦੇ ਢੇਰ ਲੱਗੇ ਨਜ਼ਰ ਆਉਂਦੇ ਹਨ, ਜਿਸ ਕਾਰਨ ਸ਼ਹਿਰ ਵਿਚ ਬਦਬੂ ਫੈਲ ਰਹੀ ਹੈ ਤੇ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੋ ਗਿਆ ਹੈ। ਜਿਸ ’ਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅੱਜ ਭੜਕ ਉੱਠੇ ਤੇ ਉਨ੍ਹਾਂ ਨੇ ਨਵੇਂ ਬੱਸ ਅੱਡੇ ਅਤੇ ਸਥਾਨਕ ਨਗਰ ਕੌਂਸਲ ਦੇ ਦਫ਼ਤਰ ਸਾਹਮਣੇ ਲੱਗੇ ਢੇਰਾਂ ਨੇੜੇ ਪਹੁੰਚ ਕੇ ਪੰਜਾਬ ਸਰਕਾਰ ਨੂੰ ਆੜ੍ਹੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਨ੍ਹਾਂ ਸਫ਼ਾਈ ਸੇਵਕਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਤਾਂ ਰੱਬ ਦੇ ਬੰਦੇ ਹਨ ਜਿਹੜੇ ਲੋਕਾਂ ਵਲੋਂ ਪਾਏ ਗੰਦ ਨੂੰ ਚੁੱਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਲਾਕੇ ’ਚ ਬਰਸਾਤ ਹੋ ਜਾਂਦੀ ਹੈ ਤਾਂ ਇਸ ਗੰਦ ਤੋਂ ਉੱਠਣ ਵਾਲੀ ਬਦਬੂ ਨਾਲ ਲੋਕਾਂ ਦਾ ਜਿਊਣਾ ਬੇਹਾਲ ਹੋ ਜਾਵੇਗਾ ਤੇ ਇਸ ਲਈ ਸਰਕਾਰ ਜਲਦੀ ਇਹ ਸਫ਼ਾਈ ਮਜ਼ਦੂਰਾਂ ਦੀਆਂ ਮੰਗਾਂ ਨੂੰ ਮੰਨ ਕੇ ਆਮ ਲੋਕਾਂ ਨੂੰ ਨਿਜਾਤ ਦਿਵਾਉਣ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਰਿੰਦਰ ਸ਼ਾਸਤਰੀ, ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਨਵਦੀਪ ਸਿੰਘ ਨਵੀ, ਕੌਂਸਲਰ ਦਵਿੰਦਰ ਸਿੰਘ, ਯੂਥ ਆਗੂ ਸ਼ੁਭਮ ਠਾਕੁਰ, ਗੁਰਲਾਲ ਨਲਾਸ ਸਮੇਤ ਹੋਰ ਆਗੂ ਹਾਜ਼ਰ ਸਨ।