ਨਾਭਾ, 31 ਜੁਲਾਈ (ਵਰਿੰਦਰ ਵਰਮਾ)-ਨਾਭਾ ਸਥਿਤ ਜੀ. ਬੀ. ਇੰਟਰਨੈਸ਼ਨਲ ਸਕੂਲ ਵਿਖੇ ਸਕੂਲ ਚੇਅਰਮੈਨ ਸੰਦੀਪ ਬਾਂਸਲ ਦੀ ਅਗਵਾਈ ਹੇਠ ਆਯੋਜਿਤ ਸੀ. ਬੀ. ਐੱਸ. ਈ. ਕਲੱਸਟਰ ਫੁੱਟਬਾਲ ਮੁਕਾਬਲਿਆਂ ਦੇ ਪਹਿਲੇ ਦਿਨ ਦਾ ਆਗਾਜ਼ ਉਤਸ਼ਾਹ ਤੇ ਜੋਸ਼ ਨਾਲ ਹੋਇਆ। ਸਮਾਗਮ ਦੀ ਸ਼ੁਰੂਆਤ ਸਕੂਲ ਡਾਇਰੈਕਟਰ ਪ੍ਰਥਮ ਬਾਂਸਲ ਅਤੇ ਸੀ. ਬੀ. ਐੱਸ. ਈ. ਆਬਜ਼ਰਵਰ ਰਵਿੰਦਰ ਕਸ਼ਯਪ ਦੀ ਮੁੱਖ ਮਹਿਮਾਨ ਵਜੋਂ ਹਾਜ਼ਰੀ ਵਿਚ ਹੋਈ। ਇਸ ਪ੍ਰਤਿਯੋਗਤਾ ਵਿਚ ਜੀ. ਬੀ. ਆਈ. ਐੱਸ ਸਮੇਤ ਵੱਖ-ਵੱਖ ਸ਼ਹਿਰਾਂ ਤੋਂ ਆਈਆਂ ਕੁਲ 89 ਸੀ. ਬੀ. ਐੱਸ. ਈ. ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਇਨ੍ਹਾਂ ’ਚ ਇੰਡਸ ਪਬਲਿਕ ਸਕੂਲ ਮੁਹਾਲੀ, ਦ ਮਾਈਲਸਟੋਨ ਸਮਾਰਟ ਸਕੂਲ ਘਨੌਰ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪਟਿਆਲਾ, ਐੱਚ. ਐੱਸ. ਹਾਈ ਸਕੂਲ ਸ੍ਰੀ ਮੁਕਤਸਰ ਸਾਹਿਬ, ਬਾਬਾ ਗੰਡਾ ਸਿੰਘ ਪਬਲਿਕ ਸਕੂਲ ਬਰਨਾਲਾ, ਮਨੂ ਵਾਟਿਕਾ ਡੇ ਬੋਰਡਿੰਗ ਸਕੂਲ ਮਾਨਸਾ, ਦ ਇੰਡੋ ਬ੍ਰਿਟਿਸ਼ ਸਕੂਲ, ਨਾਭਾ, ਗੰਗਾ ਇੰਟਰਨੈਸ਼ਨਲ ਸਕੂਲ ਪਾਤੜਾਂ, ਆਕਜ਼ਿਲੀਅਮ ਇੰਟਰਨੈਸ਼ਨਲ ਸਕੂਲ ਸੰਗਰੂਰ, ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਆਦਿ ਪ੍ਰਮੁੱਖ ਸਕੂਲ ਸ਼ਾਮਿਲ ਸਨ। ਸਮਾਗਮ ਦਾ ਆਰੰਭ ਮਾਂ ਸਰਸਵਤੀ ਦੇ ਚਰਨਾਂ ’ਚ ਜੋਤ ਜਗਾ ਕੇ ਅਤੇ ਫੁੱਲ ਭੇਟ ਕਰਕੇ ਕੀਤਾ। ਇਸ ਮੌਕੇ ਪ੍ਰਥਮ ਬਾਂਸਲ ਤੇ ਰਵਿੰਦਰ ਕਸ਼ਯਪ ਨੇ ਮੁਕਾਬਲਿਆਂ ਦਾ ਰਸਮੀ ਉਦਘਾਟਨ ਕਰਦਿਆਂ ਸਾਰੇ ਖਿਡਾਰੀਆਂ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸਮਾਗਮ ਨੂੰ ਹੋਰ ਵੀ ਸ਼ਾਨਦਾਰ ਬਣਾਉਣ ਲਈ ਸਕੂਲ ਦੇ ਵਿਦਿਆਰਥੀਆਂ ਨੇ ਮਨਮੋਹਕ ਸੰਗੀਤਕ ਪੇਸ਼ਕਾਰੀ ਤੇ ਜੋਸ਼ ਭਰਪੂਰ ਐਰੋਬਿਕਸ ਦਾ ਪ੍ਰਦਰਸ਼ਨ ਪੇਸ਼ ਕੀਤਾ। ਉਨ੍ਹਾਂ ਦੀਆਂ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਨੇ ਹਾਜ਼ਰ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਤੋਂ ਬਾਅਦ ਖਿਡਾਰੀਆਂ ਨੇ ਮਾਰਚ ਪਾਸਟ ਕੀਤਾ ਅਤੇ ਖੇਡ ਭਾਵਨਾ ਤੇ ਅਨੁਸ਼ਾਸਨ ਨੂੰ ਕਾਇਮ ਰੱਖਣ ਦੀ ਸਹੁੰ ਚੁੱਕੀ। ਸਕੂਲ ਦੀ ਪ੍ਰਿੰਸੀਪਲ ਡਾ. ਇੰਦਰਜੀਤ ਪਾਲ ਕੌਰ ਗਰੇਵਾਲ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਜੀ. ਬੀ. ਇੰਟਰਨੈਸ਼ਨਲ ਸਕੂਲ ਲਈ ਇਸ ਵੱਕਾਰੀ ਪ੍ਰਤਿਯੋਗਿਤਾ ਦੀ ਮੇਜ਼ਬਾਨੀ ਕਰਨਾ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਦੀ ਸੁਵਿਧਾ ਤੇ ਸੁਰੱਖਿਆ ਲਈ ਸਕੂਲ ’ਚ ਹਰ ਤਰ੍ਹਾਂ ਦੀਆਂ ਲੋੜੀਂਦੀਆਂ ਵਿਵਸਥਾਵਾਂ ਕੀਤੀਆਂ ਗਈਆਂ ਹਨ। ਪਹਿਲੇ ਦਿਨ ਖੇਡੇ ਗਏ ਮੁਕਾਬਲਿਆਂ ’ਚ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਦੱਸਣਯੋਗ ਹੈ ਕਿ ਇਹ ਪ੍ਰਤਿਯੋਗਤਾ ਆਉਣ ਵਾਲੇ ਦਿਨਾਂ ਤੱਕ ਜਾਰੀ ਰਹੇਗੀ।