ਕੋਟਕਪੂਰਾ, 23 ਮਈ (ਮੋਹਰ ਸਿੰਘ ਗਿੱਲ)-26 ਮਈ ਨੂੰ ਹੋਣ ਵਾਲੀਆਂ ਸਥਾਨਕ ਨਗਰ ਕੌਂਸਲ ਦੀਆਂ ਚੋਣਾਂ 'ਚ ਆਪਣੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਜਿਤਾਉਣ ਲਈ ਸਥਾਨਕ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਪੱਬਾਂ ਭਾਰ ਹਨ | ਅਜਿਹਾ ਕਰਕੇ ਸ਼ਾਇਦ ਉਹ ਦਸੰਬਰ ਮਹੀਨੇ 'ਚ ਹੋਈਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ ਰਹਿ ਗਈ ਕਮੀ ਨੂੰ ਪੂਰਾ ਕਰਨ ਦਾ ਯਤਨ ਕਰ ਰਹੇ ਹਨ | ਹਲਕਾ ਕੋਟਕਪੂਰਾ ਅਧੀਨ ਆਉਂਦੀਆਂ ਬਲਾਕ ਸੰਮਤੀ ਦੀਆਂ ਕੁੱਲ 19 ਸੀਟਾਂ 'ਚੋਂ ਮਹਿਜ਼ ਤਿੰਨ ਸੀਟਾਂ ਉਪਰ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਫ਼ਲ ਹੋਏ ਸਨ | 8-8 ਸੀਟਾਂ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹਿੱਸੇ ਆਈਆਂ ਸਨ | ਹਲਕੇ ਦੇ ਕਰੀਬ 18-18 ਪਿੰਡਾਂ ਨਾਲ ਜੁੜੇ ਜ਼ਿਲ੍ਹਾ ਪ੍ਰੀਸ਼ਦ ਦੇ ਤਿੰਨ ਜੋਨਾਂ ਵਿਚੋਂ ਦੋ ਉਪਰ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ ਹਨ ਅਤੇ ਸੰਧਵਾਂ ਦੇ ਨਾਮ ਦੇ ਬਣੇ ਜੋਨ ਤੋਂ ਕਾਂਗਰਸ ਦੀ ਉਮੀਦਵਾਰ ਜੇਤੂ ਰਹੀ ਹੈ | ਹੋਰ ਤਾਂ ਹੋਰ ਸੰਧਵਾਂ ਦੇ ਨਾਮ 'ਤੇ ਬਣੇ ਬਲਾਕ ਸੰਮਤੀ ਜ਼ੋਨ ਸੰਧਵਾਂ ਤੋਂ ਵੀ ਪਿੰਡ ਸੰਧਵਾਂ ਦਾ ਹੀ ਨੌਜਵਾਨ ਮਹਿੰਦਰ ਸਿੰਘ, ਜੋ ਕਿ ਸ਼ੋ੍ਰਮਣੀ ਅਕਾਲੀ ਦਲ ਸਬੰਧ ਰੱਖਦਾ ਹੈ, ਜੇਤੂ ਰਿਹਾ ਹੈ | ਇਸੇ ਤਰ੍ਹਾਂ ਆਪਣੇ ਜ਼ੱਦੀ ਪਿੰਡ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਪਛੜ ਜਾਣ ਨਾਲ ਸਪੀਕਰ ਸੰਧਵਾਂ ਦੀ ਸਿਆਸੀ ਸ਼ਾਖ਼ ਨੂੰ ਵੱਡਾ ਖੋਰਾ ਲੱਗਾ ਸੀ | ਹੁਣ ਜਦੋਂ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਅਜੇ ਥੋੜੇ ਮਹੀਨੇ ਬਾਕੀ ਰਹਿੰਦੇ ਹਨ, ਅਜਿਹੇ ਹਾਲਾਤਾਂ 'ਚ ਆਮ ਆਦਮੀ ਪਾਰਟੀ ਦੇ ਸ਼ਹਿਰ 'ਚੋਂ ਆਪਣੀ ਪਾਰਟੀ ਨਾਲ ਸਬੰਧਿਤ ਕੌਂਸਲਰਾਂ ਜਿਤਾਉਣਾ ਉਨ੍ਹਾਂ ਲਈ ਇਕ ਵੱਡੀ ਚੁਣੌਤੀ ਬਣ ਗਿਆ ਹੈ ਕਿਉਂ ਜੋ ਇਨ੍ਹਾਂ ਚੋਣਾਂ ਦੀ ਜਿੱਤ-ਹਾਰ ਦਾ ਸਿੱਧਾ ਅਸਰ ਅਗਲੀਆਂ ਵਿਧਾਨ ਸਭਾ ਚੋਣਾਂ 'ਤੇ ਸਪੱਸ਼ਟ ਤੌਰ 'ਤੇ ਪੈਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਪ੍ਰਾਪਤ ਜਾਣਕਾਰੀ ਅਨੁਸਾਰ ਸੰਧਵਾਂ ਵਲੋਂ ਇਸ ਵਾਰ ਨਗਰ ਕੌਂਸਲ ਦੀਆਂ ਚੋਣਾਂ ਪੂਰੀ ਵਿਉਂਤਬੰਦੀ ਨਾਲ ਲੜੀਆਂ ਜਾ ਰਹੀਆਂ ਹਨ | ਹਾਲਾਂਕਿ ਵਿਰੋਧੀ ਪਾਰਟੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਮਰਥਕਾਂ ਦੇ ਕਾਗਜ਼ ਜਾਣ-ਬੁੱਝ ਕੇ ਰੱਦ ਕਰਵਾਏ ਗਏ ਹਨ | ਸ਼ਹਿਰ ਦੇ 29 ਵਾਰਡਾਂ 'ਚੋਂ ਦੋ ਵਾਰਡਾਂ ਤੋਂ ਉਮੀਦਵਾਰ ਬਿਨ੍ਹਾਂ ਵਿਰੋਧ ਚੁਣੇ ਗਏ ਹਨ | ਸੱਤ੍ਹਾਧਾਰੀ ਧਿਰ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ 27-27 ਉਮੀਦਵਾਰ, ਕਾਂਗਰਸ ਦੇ 25 ਉਮੀਦਵਾਰ ਅਤੇ ਭਾਰਤੀ ਜਨਤਾ ਪਾਰਟੀ ਦੇ 14 ਤੇ ਆਜ਼ਾਦ ਉਮੀਦਵਾਰ ਸਮੇਤ ਕੁੱਲ 100 ਉਮੀਦਵਾਰ ਸਿਆਸੀ ਚੋਣ ਮੈਦਾਨ 'ਚ ਆਪਣੀ ਕਿਸਮਤ ਅਜਮਾ ਰਹੇ ਹਨ | ਪਾਰਟੀ ਉਮੀਦਵਾਰਾਂ ਨੂੰ ਜਿਤਾਉਣ ਲਈ ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ, ਸਾਬਕਾ ਚੇਅਰਮੈਨ ਕੁਲਤਾਰ ਸਿੰਘ ਬਰਾੜ, ਯੂਥ ਆਗੂ ਅਨੂਪ੍ਰਤਾਪ ਸਿੰਘ ਬਰਾੜ, ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਜੇਪਾਲ ਸਿੰਘ ਸੰਧੂ, ਉਨ੍ਹਾਂ ਦੇ ਬੇਟੇ ਸ਼ਾਹਬਾਜ ਸਿੰਘ ਸੰਧੂ ਅਤੇ ਮਹਿਤਾਬ ਸਿੰਘ ਸੰਧੂ, ਭਾਜਪਾ ਦੇ ਭਾਈ ਰਾਹੁਲ ਸਿੰਘ ਸਿੱਧੂ ਆਪਣੇ ਸੁਪੋਟਰਾਂ ਸਮੇਤ ਦਿਨ-ਰਾਤ ਇਕ ਕਰਕੇ ਵੋਟਰਾਂ ਨੂੰ ਆਪਣੇ ਪੱਖ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਲਗਾਤਾਰ ਮਿਹਨਤ ਕਰ ਰਹੇ ਹਨ |