ਸ੍ਰੀ ਮੁਕਤਸਰ ਸਾਹਿਬ, 2 ਜੁਲਾਈ (ਰਣਜੀਤ ਸਿੰਘ ਢਿੱਲੋਂ)-ਬਿਜਲੀ ਸਪਲਾਈ ਦੇ ਮੰਦੇ ਹਾਲ ਤੋਂ ਦੁਖੀ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਜਗਦੇਵ ਅਲਾਰਮ ਨੇ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਮਾਰਗ ਨੇੜੇ ਸ੍ਰੀ ਗੁਰੂ ਰਵਿਦਾਸ ਮੰਦਰ ਗਲੀ ਦਰਵਾਜ਼ੇ ਵਾਲੀ ਵਿਖੇ ਹਰ ਦੂਜੇ ਤੀਜੇ ਦਿਨ ਅੱਧੇ ਘਰਾਂ ਦੀ ਬਿਜਲੀ ਡਿੰਮ ਰਹਿੰਦੀ ਹੈ ਜਾਂ ਬਿਲਕੁਲ ਬੰਦ ਰਹਿੰਦੀ ਹੈ। ਜਦੋਂ ਸਬੰਧਿਤ 1912 ਨੰਬਰ ’ਤੇ ਫੋਨ ਕੀਤਾ ਜਾਂਦਾ ਹੈ ਤਾਂ ਜਵਾਬ ਮਿਲਦਾ ਹੈ ਕਿ ਤੁਹਾਡੀ ਸ਼ਿਕਾਇਤ ਦਰਜ ਕਰ ਲਈ ਗਈ ਹੈ। ਪਰ ਲੋਕਲ ਸ਼ਿਕਾਇਤ ਨੰਬਰਾਂ ’ਤੇ ਕੋਈ ਸੁਣਵਾਈ ਨਹੀਂ ਹੋ ਰਹੀ ਜਿਸ ਕਰਕੇ ਦੁਖੀ ਹੋ ਕੇ ਮਹੱਲਾ ਵਾਸੀਆਂ ਵਲੋਂ ਪ੍ਰਾਈਵੇਟ ਮਕੈਨਿਕਾਂ ਦਾ ਸਹਾਰਾ ਲਿਆ ਜਾਂਦਾ ਹੈ। ਅੱਜ ਪ੍ਰੇਸ਼ਾਨ ਲੋਕਾਂ ਨੇ ਸਰਕਾਰ ਅਤੇ ਸਬੰਧਿਤ ਵਿਭਾਗ ਖ਼ਿਲਾਫ਼ ਨਾਰੇਬਾਜ਼ੀ ਕਰਦਿਆਂ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਮੁਹੱਲਾ ਨਿਵਾਸੀ ਸੰਘਰਸ਼ ਕਰਨੇ ਮਜ਼ਬੂਰ ਹੋਣਗੇ। ਇਸ ਮੌਕੇ ਮੰਗਾ ਸਿੰਘ ਜੌਹਲ, ਸ਼ੰਟੂ ਕੁਮਾਰ, ਪ੍ਰਕਾਸ਼ ਸਿੰਘ, ਜਤਿੰਦਰ ਪਾਲ ਸਿੰਘ, ਅਮਰਜੀਤ ਸਿੰਘ ਖਿੱਚੀ, ਸੋਨਾ ਕੁਮਾਰ, ਸ਼ੰਟੀ ਕੁਮਾਰ ਚਮੇਲੀ ਕ੍ਰਿਸ਼ਨਾ ਬਿੱਲੂ ਅਤੇ ਕੁਲਵਿੰਦਰ ਕੌਰ ਆਦਿ ਹਾਜ਼ਰ ਸਨ।