ਸ੍ਰੀ ਮੁਕਤਸਰ ਸਾਹਿਬ, 24 ਅਪ੍ਰੈਲ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਉਦੇਕਰਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਉਦੇਕਰਨ ਵਿਖੇ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਨਵੇਂ ਉਸਾਰੇ ਗਏ ਸਮਾਰਟ ਕਲਾਸ ਰੂਮਾਂ ਤੇ ਆਧੁਨਿਕ ਕੰਪਿਊਟਰ ਲੈਬ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਦੀਪਕ ਬਾਂਸਲ ਤੇ ਸਮੂਹ ਸਟਾਫ਼ ਵਲੋਂ ਵਿਧਾਇਕ ਤੇ ਉਨ੍ਹਾਂ ਨਾਲ ਉਚੇਚੇ ਤੌਰ 'ਤੇ ਪਹੁੰਚੇ ਸਿੱਖਿਆ ਹਲਕਾ ਕੋਆਰਡੀਨੇਟਰ ਜਸਦੀਪ ਸਿੰਘ ਹੇਅਰ, ਮੈਂਬਰ ਪਲਾਨਿੰਗ ਬੋਰਡ ਜਸਵੰਤ ਸਿੰਘ ਸੰਧੂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ | ਸਕੂਲੀ ਵਿਦਿਆਰਥੀਆਂ ਦੇ ਬੈਂਡ ਨੇ ਮਨਮੋਹਕ ਧੁਨਾਂ ਨਾਲ ਰੰਗ ਬੰਨਿ੍ਹਆ | ਵਿਧਾਇਕ ਵਲੋਂ ਗ੍ਰਾਮ ਪੰਚਾਇਤ ਤੇ ਸਰਪੰਚ ਸੁਖਚਰਨ ਸਿੰਘ ਬਰਾੜ ਦੇ ਉਚੇਚੇ ਯਤਨਾਂ ਨਾਲ ਸਕੂਲ ਵਿਚ ਲਗਵਾਏ 500 ਲੀਟਰ ਪ੍ਰਤੀ ਘੰਟੇ ਵਾਲੇ ਆਰ.ਓ. ਸਿਸਟਮ ਤੇ ਚਿਲਰ ਦਾ ਵੀ ਉਦਘਾਟਨ ਕੀਤਾ | ਉਨ੍ਹਾਂ ਉਸਾਰੀ ਕੀਤੇ ਗਏ ਸਮਾਰਟ ਕਲਾਸ ਰੂਮ ਅਤੇ ਆਧੁਨਿਕ ਕੰਪਿਊਟਰ ਲੈਬ ਦਾ ਦੌਰਾ ਕੀਤਾ | ਇਸ ਉਪਰੰਤ ਵਿਧਾਇਕ ਦੁਆਰਾ ਸਕੂਲ ਦੀ ਪਲੇਠੀ ਮੈਗਜ਼ੀਨ 'ਮਲਹਾਰ' ਦੀ ਘੁੰਡ ਚੁਕਾਈ ਕੀਤੀ | ਉਨ੍ਹਾਂ ਇਸ ਮੈਗਜ਼ੀਨ ਵਿਚ ਲੱਗੀਆਂ ਅਧਿਆਪਕਾਂ ਤੇ ਵਿਦਿਆਰਥੀਆਂ ਦੀਆਂ ਰਚਨਾਵਾਂ ਨੂੰ ਖ਼ੂਬ ਸਰਾਹਿਆ | ਮੁੱਖ ਮਹਿਮਾਨ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿਚ ਕ੍ਰਾਂਤੀਕਾਰੀ ਪਰਿਵਰਤਨ ਲਿਆਉਣ ਲਈ ਯਤਨਸ਼ੀਲ ਹੈ | ਪਿ੍ੰਸੀਪਲ ਦੀਪਕ ਬਾਂਸਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਕਿੱਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ | ਇਸ ਸਮੇਂ ਸਿੱਖਿਆ ਵਿਭਾਗ ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਯਾਦਵਿੰਦਰ ਸਿੰਘ ਮਾਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਜਿੰਦਰ ਸੋਨੀ, ਡੀ.ਐੱਸ.ਐੱਮ. ਅਸ਼ਵਨੀ ਕੁਮਾਰ, ਬੀ.ਪੀ.ਈ.ਓ. ਜਗਦੀਪ ਸਿੰਘ, ਕੁਲਵਿੰਦਰ ਕੌਰ ਹੈੱਡ ਟੀਚਰ, ਮਨਦੀਪ ਸਿੰਘ ਕੋਆਰਡੀਨੇਟਰ, ਮਨਪ੍ਰੀਤ ਸਿੰਘ ਮਨੀ ਸਿੱਖਿਆ ਮਾਹਿਰ ਆਦਿ ਹਾਜ਼ਰ ਸਨ | ਇਸ ਮੌਕੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਸਟੇਜ ਸੈਕਟਰੀ ਦੀ ਭੂਮਿਕਾ ਈ.ਟੀ.ਟੀ. ਅਧਿਆਪਕ ਕਪਲਨੀਤ ਸਿੰਘ ਨੇ ਨਿਭਾਈ |