ਮਲੋਟ, 28 ਮਈ (ਪਾਟਿਲ)-ਅੱਜ ਮਲੋਟ ਦੇ ਨਜ਼ਦੀਕੀ ਪਿੰਡ ਮੋਹਲਾਂ ਵਿਖੇ ਅਚਾਨਕ ਲੱਕੜਾਂ ਨੂੰ ਅੱਗ ਲੱਗ ਜਾਣ ਕਾਰਨ ਸਥਿਤੀ ਗੰਭੀਰ ਬਣ ਗਈ ਅਤੇ ਅੱਗ ਨੇ ਕੁਝ ਹੀ ਸਮੇਂ ਵਿਚ ਭਿਆਨਕ ਰੂਪ ਧਾਰਨ ਕਰ ਲਿਆ | ਘਟਨਾ ਦੀ ਸੂਚਨਾ ਮਿਲਦਿਆਂ ਹੀ ਮਲੋਟ ਫਾਇਰ ਬਿ੍ਗੇਡ ਵਲੋਂ ਤੁਰੰਤ ਕਾਰਵਾਈ ਕਰਦਿਆਂ ਪੂਰੀ ਟੀਮ ਸਮੇਤ ਮੌਕੇ 'ਤੇ ਪਹੁੰਚ ਕੀਤੀ ਗਈ | ਫਾਇਰ ਅਫ਼ਸਰ ਹਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਗ ਦੀ ਤੀਬਰਤਾ ਨੂੰ ਦੇਖਦੇ ਹੋਏ ਮਲੋਟ ਤੋਂ ਫਾਇਰ ਬਿ੍ਗੇਡ ਦੀ ਗੱਡੀ ਭੇਜੀ ਗਈ ਅਤੇ ਨਾਲ ਹੀ ਹੋਰ ਸਥਾਨ ਤੋਂ ਵੀ ਇਕ ਫਾਇਰ ਟੈਂਡਰ ਮੰਗਵਾਇਆ ਗਿਆ, ਜਿਸ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਉਣ ਲਈ ਜੰਗੀ ਪੱਧਰ 'ਤੇ ਯਤਨ ਕੀਤੇ ਗਏ | ਇਸ ਤੋਂ ਇਲਾਵਾ ਪਿੰਡ ਆਧਨੀਆਂ ਚੈੱਕ ਪੋਸਟ ਨਹਿਰਾਂ ਨੇੜੇ ਲੱਗੇ ਟਰਾਂਸਫ਼ਾਰਮਰ ਨੂੰ ਵੀ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ | ਇਸ ਸੰਬੰਧੀ ਜਸਪ੍ਰੀਤ ਵਲੋਂ ਸੂਚਨਾ ਦਿੱਤੀ ਗਈ, ਜਿਸ ਉਪਰੰਤ ਮਲੋਟ ਫਾਇਰ ਬਿ੍ਗੇਡ ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਟਰਾਂਸਫ਼ਾਰਮਰ ਨੂੰ ਲੱਗੀ ਅੱਗ 'ਤੇ ਵੀ ਕਾਬੂ ਪਾ ਲਿਆ | ਫਾਇਰ ਬਿ੍ਗੇਡ ਦੀ ਟੀਮ ਵਿਚ ਫਾਇਰ ਅਫ਼ਸਰ ਹਰਜੀਤ ਸਿੰਘ, ਸੁਖਚੈਨ ਸਿੰਘ, ਗੁਰਪ੍ਰੀਤ ਸਿੰਘ, ਦਵਿੰਦਰ ਕੁਮਾਰ, ਹਰਵਿੰਦਰ ਸਿੰਘ ਤੇ ਪਵਨ ਕੁਮਾਰ ਸਮੇਤ ਹੋਰ ਕਰਮਚਾਰੀਆਂ ਨੇ ਪੂਰੀ ਮਿਹਨਤ ਤੇ ਮੁਸ਼ੱਕਤ ਨਾਲ ਅੱਗ ਬੁਝਾਉਣ ਦਾ ਕੰਮ ਕੀਤਾ | ਟੀਮ ਦੀ ਤੁਰੰਤ ਕਾਰਵਾਈ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ |