13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਅਦਾਲਤ ਨੇ ਗੈਂਗਸਟਰ ਗੋਲਡੀ ਬਰਾੜ ਦੇ ਮਾਤਾ ਪਿਤਾ ਨੂੰ 30 ਤੱਕ ਪੁਲਿਸ ਰਿਮਾਂਡ 'ਤੇ ਭੇਜਿਆ

Ad Position 21
repet_subhas-goyals [Copy P29]
ਅਜੀਤ ਡੈਸਕ 28-01-2026

ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਫਿਰੌਤੀ ਦੇ ਮਾਮਲੇ 'ਚ ਕੀਤਾ ਸੀ ਗਿ੍ਫ਼ਤਾਰ
ਸ੍ਰੀ ਮੁਕਤਸਰ ਸਾਹਿਬ, 27 ਜਨਵਰੀ (ਹਰਮਹਿੰਦਰਪਾਲ ਸਿੰਘ ਬੇਦੀ)-ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ 4 ਸਾਲ ਪੁਰਾਣੇ ਫ਼ਿਰੌਤੀ ਦੇ ਇਕ ਮਾਮਲੇ ਵਿਚ ਗਿ੍ਫ਼ਤਾਰ ਕੀਤੇ ਗਏ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਇਥੋਂ ਦੀ ਅਦਾਲਤ ਨੇ 30 ਜਨਵਰੀ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ | ਦੱਸਣਯੋਗ ਹੈ ਕਿ ਮੁਕਤਸਰ ਲਾਗਲੇ ਪਿੰਡ ਉਦੇਕਰਨ ਦੇ ਰਹਿਣ ਵਾਲੇ ਇਕ ਸਰਕਾਰੀ ਅਧਿਆਪਕ ਤੋਂ 50 ਲੱਖ ਰੁਪਏ ਦੀ ਫ਼ਿਰੌਤੀ ਮੰਗਣ ਸੰਬੰਧੀ 3 ਦਸੰਬਰ 2024 ਨੂੰ ਦਰਜ ਮੁਕੱਦਮੇ ਵਿਚ ਗੈਂਗਸਟਰ ਗੋਲਡੀ ਬਰਾੜ ਦੇ ਪਿਤਾ ਸ਼ਮਸ਼ੇਰ ਸਿੰਘ (ਸਾਬਕਾ ਏ.ਐਸ.ਆਈ.) ਨੂੰ 24 ਜਨਵਰੀ, 2026 ਅਤੇ ਉਸ ਦੀ ਮਾਤਾ ਪ੍ਰੀਤਪਾਲ ਕੌਰ ਨੂੰ 25 ਜਨਵਰੀ, 2026 ਨੂੰ ਨਾਮਜ਼ਦ ਕਰਦੇ ਹੋਏ ਅੰਮਿ੍ਤਸਰ ਤੋਂ ਗਿ੍ਫ਼ਤਾਰ ਕੀਤਾ ਗਿਆ ਸੀ | ਪੁਲਿਸ ਨੇ ਦੋਵਾਂ ਨੂੰ 26 ਜਨਵਰੀ ਨੂੰ ਅਦਾਲਤ ਵਿਚ ਪੇਸ਼ਾ ਕੀਤਾ ਸੀ, ਜਿਥੇ ਅਦਾਲਤ ਨੇ ਇਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਸੀ ਅਤੇ ਅੱਜ 27 ਜਨਵਰੀ ਨੂੰ ਦੁਬਾਰਾ ਪੇਸ਼ ਕੀਤਾ ਗਿਆ | ਅਦਾਲਤ ਵਿਚ ਸ਼ਮਸ਼ੇਰ ਸਿੰਘ ਦੇ ਵਕੀਲ ਬਾਬੂ ਸਿੰਘ ਸਿੱਧੂ ਅਤੇ ਸਰਕਾਰੀ ਵਕੀਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਦੋਵਾਂ ਜਣਿਆਂ ਦਾ 30 ਜਨਵਰੀ ਤੱਕ ਪੁਲਿਸ ਰਿਮਾਂਡ ਵਿਚ ਵਾਧਾ ਕਰ ਦਿੱਤਾ ਹੈ | ਇਸ ਦੌਰਾਨ ਵਕੀਲ ਬਾਬੂ ਸਿੰਘ ਸਿੱਧੂ ਨੇ ਦੱਸਿਆ ਕਿ 3 ਦਸੰਬਰ, 2024 ਨੂੰ ਉਦੇਕਰਨ ਦੇ ਇਕ ਸਰਕਾਰੀ ਅਧਿਆਪਕ ਨੇ ਥਾਣਾ ਸਦਰ ਮੁਕਤਸਰ ਦੀ ਪੁਲਿਸ ਨੂੰ ਬਿਆਨ ਦਿੰਦੇ ਹੋਏ ਮੁਕੱਦਮਾ ਦਰਜ ਕਰਵਾਇਆ ਸੀ ਕਿ ਉਸ ਨੂੰ ਇਕ ਵਿਦੇਸ਼ੀ ਫ਼ੋਨ ਨੰਬਰ ਤੋਂ ਬੰਬੀਹਾ ਗਰੋਹ ਦੇ ਨਾਂਅ 'ਤੇ ਕਈ ਵਾਰ ਫ਼ੋਨ ਕਰਕੇ 50 ਲੱਖ ਰੁਪਏ ਫ਼ਿਰੌਤੀ ਦੀ ਮੰਗ ਕੀਤੀ ਗਈ ਸੀ | ਫ਼ਿਰੌਤੀ ਨਾ ਦੇਣ 'ਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ | ਇਸ 'ਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਸੀ | ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਅਦਾਲਤ ਤੋਂ ਪੰਜ ਦਿਨਾਂ ਹੋਰ ਰਿਮਾਂਡ ਦੀ ਮੰਗ ਕਰਦਿਆਂ ਇਹ ਦੱਸਿਆ ਕਿ ਸ਼ਿਕਾਇਤ ਕਰਤਾ ਅਧਿਆਪਕ ਨੇ ਆਪਣੇ ਪੱਧਰ 'ਤੇ ਕੀਤੀ ਪੜਤਾਲ ਤੋਂ ਬਾਅਦ ਪੁਲਿਸ ਨੂੰ ਬਿਆਨ ਦਿੱਤਾ ਕਿ ਉਪਰੋਕਤ ਫ਼ਿਰੌਤੀ ਵਾਲੇ ਮਾਮਲੇ ਵਿਚ ਸ਼ਮਸ਼ੇਰ ਸਿੰਘ ਵੀ ਸ਼ਾਮਿਲ ਹੈ | ਇਸ ਲਈ ਪੁਲਿਸ ਨੂੰ ਉਸ ਦਾ ਪੰਜ ਦਿਨ ਦਾ ਰਿਮਾਂਡ ਦਿੱਤਾ ਜਾਵੇ, ਕਿਉਂਕਿ ਸ਼ਮਸ਼ੇਰ ਸਿੰਘ ਤੇ ਉਸ ਦੀ ਪਤਨੀ ਪ੍ਰੀਤਪਾਲ ਕੌਰ ਪਾਸੋਂ ਕੁਝ ਨਕਦੀ ਬਰਾਮਦ ਹੋਈ ਹੈ | ਇਸ ਨਕਦੀ ਸੰਬੰਧੀ ਵੇਰਵੇ ਅਤੇ ਹੋਰ ਤਫ਼ਤੀਸ਼ ਲਈ ਪੰਜ ਦਿਨਾਂ ਰਿਮਾਂਡ ਦੀ ਲੋੜ ਹੈ | ਦੱਸਣਯੋਗ ਹੈ ਕਿ ਗੈਂਗਸਟਰ ਗੋਲਡੀ ਬਰਾੜ ਦਾ ਪਿਤਾ ਮੁਕਤਸਰ ਪੁਲਿਸ ਵਿਚ ਏ.ਐਸ.ਆਈ. ਸੀ ਅਤੇੇ ਉਸ 'ਤੇ ਕੋਟਕਪੂਰਾ ਦਾ ਇਕ ਵਿਅਕਤੀ ਤੋਂ ਫ਼ਿਰੌਤੀ ਮੰਗਣ ਦਾ ਕਈ ਸਾਲ ਪਹਿਲਾਂ ਮਾਮਲਾ ਵੀ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਗੰਭੀਰ ਦੋਸ਼ਾਂ ਦੇ ਚਲਦਿਆਂ ਸ਼ਮਸ਼ੇਰ ਸਿੰਘ ਨੂੰ 2021 ਵਿਚ ਪੁਲਿਸ ਵਿਭਾਗ 'ਚੋਂ ਬਰਖਾਸਤ ਕਰ ਦਿੱਤਾ ਸੀ | ਪੁਲਿਸ ਸੂਤਰਾਂ ਅਨੁਸਾਰ ਪੁਲਿਸ ਰਿਮਾਂਡ ਦੌਰਾਨ ਉਕਤ ਪਤੀ-ਪਤਨੀ ਦੀ ਆਮਦਨ ਦੇ ਵਸੀਲਿਆਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਚਾਰ ਸਿੱਖ ਜਥੇਬੰਦੀਆਂ ਵਲੋਂ 'ਸਰਬੱਤ ਖ਼ਾਲਸਾ 1986' ਦੀ 40ਵੀਂ ਵਰ੍ਹੇਗੰਢ ਮੌਕੇ ਅਕਾਲ ਤਖ਼ਤ ਸਾਹਿਬ ਸਨਮੁੱਖ ਪੰਥਕ ਇਕੱਠ... ਅਗਲੀ ਖ਼ਬਰ ਅੰਮਿ੍ਤਸਰ ਤੋਂ ਪਾਈ ਗਈ ਸੀ ਗਿ੍ਫ਼ਤਾਰੀ
Ad Position 24