ਅੰਮਿ੍ਤਸਰ, 27 ਜਨਵਰੀ (ਜਸਵੰਤ ਸਿੰਘ ਜੱਸ)-ਚਾਰ ਸਿੱਖ ਜਥੇਬੰਦੀਆਂ ਦਲ ਖ਼ਾਲਸਾ, ਭਾਈ ਜਗਤਾਰ ਸਿੰਘ ਹਵਾਰਾ ਕਮੇਟੀ, ਅਕਾਲੀ ਦਲ (ਅ) ਅਤੇ ਪੰਚ ਪ੍ਰਧਾਨੀ ਜਥਾ ਵਲੋਂ 26 ਜਨਵਰੀ, 1986 ਨੂੰ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਸਰਬੱਤ ਖ਼ਾਲਸਾ ਦੀ 40ਵੀਂ ਯਾਦ ਸਾਂਝੇ ਤੌਰ 'ਤੇ ਮਨਾਉਂਦਿਆਂ ਅਹਿਮ ਮਤਾ ਪਾਸ ਕਰਕੇ ਅਗਾਮੀ 29 ਅਪ੍ਰੈਲ ਨੂੰ ਖ਼ਾਲਿਸਤਾਨ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਵੀ ਵੱਡੇ ਪੱਧਰ 'ਤੇ ਮਨਾਉਣ ਦਾ ਫ਼ੈਸਲਾ ਕੀਤਾ ਗਿਆ | ਇਸ ਤੋਂ ਪਹਿਲਾਂ ਉਕਤ ਜਥੇਬੰਦੀਆਂ ਵਲੋਂ ਗੁਰਦੁਆਰਾ ਸੰਤੋਖਸਰ ਸਾਹਿਬ ਦੇ ਨਜ਼ਦੀਕ ਸਾਂਝੀ ਪੰਥਕ ਕਾਨਫ਼ਰੰਸ ਵੀ ਕੀਤੀ ਗਈ ਅਤੇ ਮਾਰਚ ਦੇ ਰੂਪ ਵਿਚ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਅਤੇ ਸਾਂਝਾ ਐਲਾਨਨਾਮਾ ਜਾਰੀ ਕੀਤਾ ਗਿਆ | ਇਸ ਮਾਰਚ ਦੌਰਾਨ ਹੱਥਾਂ ਵਿਚ ਖ਼ਾਲਿਸਤਾਨ ਦੇ ਝੰਡੇ ਫੜ ਕੇ ਜਥੇਬੰਦੀਆਂ ਦੇ ਕਾਰਕੁਨਾਂ ਨੇ ਖ਼ਾਲਿਸਤਾਨ ਪੱਖੀ ਨਾਅਰੇਬਾਜ਼ੀ ਵੀ ਕੀਤੀ | ਇਸ ਤੋਂ ਪਹਿਲਾਂ ਹੋਏ ਸਮਾਗਮ ਨੂੰ ਭਾਈ ਹਵਾਰਾ ਕਮੇਟੀ ਦੇ ਬੁਲਾਰੇ ਪ੍ਰੋ. ਬਲਜਿੰਦਰ ਸਿੰਘ, ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਪੰਚ ਪ੍ਰਧਾਨੀ ਜਥੇ ਵਲੋਂ ਭਾਈ ਦਲਜੀਤ ਸਿੰਘ ਬਿੱਟੂ ਅਤੇ ਦਲ ਖ਼ਾਲਸਾ ਦੇ ਸਿਆਸੀ ਸਕੱਤਰ ਕੰਵਰਪਾਲ ਸਿੰਘ ਨੇ ਸੰਬੋਧਨ ਕੀਤਾ | ਅਰਦਾਸ ਉਪਰੰਤ ਚਾਰਾਂ ਜਥੇਬੰਦੀਆਂ ਵਲੋਂ ਸਾਂਝਾ ਐਲਾਨਨਾਮਾ ਦਲ ਖ਼ਾਲਸਾ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਪੜਿ੍ਹਆ | ਐਲਾਨਨਾਮੇ ਵਿਚ ਸੰਸਾਰ ਭਰ ਦੀਆਂ ਪੰਥਪ੍ਰਸਤ ਜਥੇਬੰਦੀਆਂ ਤੇ ਸੰਸਥਾਵਾਂ ਨਾਲ ਸਲਾਹ-ਮਸ਼ਵਰਾ ਕਰ ਕੇ 'ਸਰਬੱਤ ਖਾਲਸਾ' ਅਤੇ 'ਗੁਰਮਤਾ' ਸੰਸਥਾਵਾਂ ਦੇ ਵਿਧੀ-ਵਿਧਾਨ ਤਿਆਰ ਕਰਕੇ ਸਿੱਖ ਜਗਤ ਸਨਮੁਖ ਪੇਸ਼ ਕਰਨ ਦਾ ਐਲਾਨ ਕੀਤਾ ਗਿਆ | ਉਕਤ ਜਥੇਬੰਦੀਆਂ ਨੇ ਖ਼ਾਲਿਸਤਾਨ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਮੌਕੇ ਬੀਤੇ ਚਾਲੀ ਸਾਲਾਂ ਦੇ ਸੰਘਰਸ਼ ਦੇ ਤਜ਼ਰਬੇ, ਅਜੋਕੇ ਪੰਥਕ ਅਤੇ ਕੌਮਾਂਤਰੀ ਹਾਲਾਤਾਂ ਨੂੰ ਧਿਆਨ ਵਿਚ ਰੱਖਦਿਆਂ ਖ਼ਾਲਿਸਤਾਨ ਦੀਆਂ ਹਾਮੀ ਸਿੱਖ ਜਥੇਬੰਦੀਆਂ, ਸੰਸਥਾਵਾਂ ਆਦਿ ਨਾਲ ਤਾਲਮੇਲ ਕਰਕੇ ਸੰਘਰਸ਼ ਦੀ ਭਵਿੱਖੀ ਰਣਨੀਤੀ ਬਾਰੇ 'ਇਕ ਸਾਂਝਾ ਨੀਤੀ ਦਸਤਾਵੇਜ' ਤਿਆਰ ਕਰਕੇ ਸਿੱਖ ਜਗਤ ਦੇ ਸਨਮੁਖ ਪੇਸ਼ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਚਰਨਜੀਤ ਸਿੰਘ ਧਾਮੀ, ਈਮਾਨ ਸਿੰਘ ਮਾਨ, ਪ੍ਰੋ. ਮਹਿੰਦਰਪਾਲ ਸਿੰਘ, ਉਪਕਾਰ ਸਿੰਘ ਸੰਧੂ, ਅਖੰਡ ਕੀਰਤਨੀ ਜਥਾ ਮੁਖੀ ਭਾਈ ਬਖਸ਼ੀਸ਼ ਸਿੰਘ, ਭਾਈ ਭੁਪਿੰਦਰ ਸਿੰਘ ਭਲਵਾਨ, ਜਸਵੀਰ ਸਿੰਘ ਖੰਡੂਰ, ਜਥੇ. ਕੁਲਬੀਰ ਸਿੰਘ ਬੜਾਪਿੰਡ, ਅਮਰੀਕ ਸਿੰਘ ਈਸੜੂ, ਬਾਬਾ ਹਰਦੀਪ ਸਿੰਘ ਮਹਿਰਾਜ, ਪਰਮਜੀਤ ਸਿੰਘ ਟਾਂਡਾ, ਸੁਰਜੀਤ ਸਿੰਘ ਖ਼ਾਲਿਸਤਾਨੀ, ਗੁਰਨਾਮ ਸਿੰਘ ਮੂਨਕਾ, ਭਾਈ ਨਰੈਣ ਸਿੰਘ ਚੌੜਾ, ਪ੍ਰੋ. ਜਗਮੋਹਨ ਸਿੰਘ, ਭਾਈ ਮਨਧੀਰ ਸਿੰਘ, ਮਨਜੀਤ ਸਿੰਘ ਭੋਮਾ, ਭਾਈ ਮੋਹਕਮ ਸਿੰਘ, ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਪਰਮਜੀਤ ਸਿੰਘ ਗਾਜੀ, ਭਾਈ ਬਲਬੀਰ ਸਿੰਘ ਭੂਤਨਾ, ਹਰਪਾਲ ਸਿੰਘ ਬਲੇਰ, ਭਾਈ ਸਤਨਾਮ ਸਿੰਘ ਖੰਡਾ, ਭੁਪਿੰਦਰ ਸਿੰਘ ਛੇ ਜੂਨ, ਤੇਜਿੰਦਰਪਾਲ ਸਿੰਘ ਹਾਈਜੈਕਰ, ਗੁਰਦੀਪ ਸਿੰਘ ਖੁਣਖੁਣ, ਮਹਾਂਬੀਰ ਸਿੰਘ ਸੁਲਤਾਨਵਿੰਡ, ਮਨਦੀਪ ਸਿੰਘ ਸਿੱਧੂ, ਮਨਦੀਪ ਸਿੰਘ ਖ਼ਾਲਸਾ ਅਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੀ ਆਦਿ ਵੀ ਹਾਜ਼ਰ ਸਨ |
ਚਾਰ ਸਿੱਖ ਜਥੇਬੰਦੀਆਂ ਵਲੋਂ 'ਸਰਬੱਤ ਖ਼ਾਲਸਾ 1986' ਦੀ 40ਵੀਂ ਵਰ੍ਹੇਗੰਢ ਮੌਕੇ ਅਕਾਲ ਤਖ਼ਤ ਸਾਹਿਬ ਸਨਮੁੱਖ ਪੰਥਕ ਇਕੱਠ <br/>
ਅਜੀਤ ਡੈਸਕ
28-01-2026