ਅੰਮਿ੍ਤਸਰ, 27 ਜਨਵਰੀ (ਜਸਵੰਤ ਸਿੰਘ ਜੱਸ)-328 ਪਾਵਨ ਸਰੂਪ ਮਾਮਲੇ 'ਚ ਪੁਲਿਸ ਵਲੋਂ ਦਰਜ ਕੀਤੀ ਐੱਫ. ਆਈ. ਆਰ. ਤੋਂ ਬਾਅਦ ਪੰਜਾਬ ਸਰਕਾਰ ਵਲੋਂ ਗਠਿਤ ਕੀਤੀ ਵਿਸ਼ੇਸ਼ ਜਾਂਚ ਟੀਮ (ਸਿੱਟ) ਵਲੋਂ ਪਿਛਲੇ ਦਿਨੀਂ ਸ਼ੋ੍ਰਮਣੀ ਕਮੇਟੀ ਕੋਲੋਂ ਮੰਗਿਆ ਗਿਆ ਰਿਕਾਰਡ ਕਈ ਦਿਨਾਂ ਦਾ ਤਿਆਰ ਹੈ ਪਰ ਸ਼ੋ੍ਰਮਣੀ ਕਮੇਟੀ ਅਧਿਕਾਰੀਆਂ ਅਨੁਸਾਰ 'ਸਿੱਟ' ਅਧਿਕਾਰੀਆਂ ਵਲੋਂ ਇਸ ਪ੍ਰਤੀ ਯੋਗ ਹੁੰਗਾਰਾ ਨਹੀਂ ਭਰਿਆ ਜਾ ਰਿਹਾ | ਜ਼ਿਕਰਯੋਗ ਹੈ ਕਿ 3 ਜਨਵਰੀ ਨੂੰ 'ਸਿੱਟ' ਅਧਿਕਾਰੀਆਂ ਵਲੋਂ ਸ਼ੋ੍ਰਮਣੀ ਕਮੇਟੀ ਦੇ ਸਥਾਨਕ ਮੁੱਖ ਦਫ਼ਤਰ ਤੇ ਚੰਡੀਗੜ੍ਹ ਸਥਿਤ ਉਪ ਦਫ਼ਤਰ ਵਿਖੇ ਜਾ ਕੇ 328 ਪਾਵਨ ਸਰੂਪ ਮਾਮਲੇ 'ਚ ਜਾਂਚ ਵਿਚ ਲੋੜੀਂਦਾ ਰਿਕਾਰਡ ਮੁਹੱਈਆ ਕਰਾਉਣ ਦੀ ਹਦਾਇਤ ਦਿੱਤੀ ਸੀ | ਇਸ ਦੌਰਾਨ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਸੰਪਰਕ ਕੀਤੇ ਜਾਣ 'ਤੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸ਼ੋ੍ਰਮਣੀ ਕਮੇਟੀ ਨੇ ਜਥੇਦਾਰ ਸਾਹਿਬ ਦੀ ਹਦਾਇਤ ਅਨੁਸਾਰ ਮੰਗਿਆ ਗਿਆ ਰਿਕਾਰਡ ਦੀ ਫਾਈਲ ਕਾਫੀ ਦਿਨਾਂ ਤੋਂ ਤਿਆਰ ਹੈ | 'ਸਿੱਟ' ਅਧਿਕਾਰੀਆਂ ਨੂੰ ਸ਼ੋ੍ਰਮਣੀ ਕਮੇਟੀ ਨੇ ਕਿਹਾ ਸੀ ਕਿ ਉਹ 27 ਤੋਂ 29 ਜਨਵਰੀ ਦੌਰਾਨ ਪ੍ਰਧਾਨ ਸ਼ੋ੍ਰਮਣੀ ਕਮੇਟੀ ਪਾਸੋਂ ਚੰਡੀਗੜ੍ਹ ਉਪ ਦਫ਼ਤਰ ਤੋਂ ਉਕਤ ਰਿਕਾਰਡ ਪ੍ਰਾਪਤ ਕਰ ਲੈਣ | ਉਨ੍ਹਾਂ ਕਿਹਾ ਕਿ ਇਸ ਸੰਬੰਧੀ 'ਸਿੱਟ' ਮੁਖੀ ਅਤੇ ਕਈ ਮੈਂਬਰਾਂ ਤੋਂ ਇਲਾਵਾ ਪੁਲਿਸ ਕਮਿਸ਼ਨਰ ਅੰਮਿ੍ਤਸਰ ਨਾਲ ਸੰਪਰਕ ਕਰਕੇ ਵੀ ਉਕਤ ਰਿਕਾਰਡ ਪ੍ਰਾਪਤ ਕਰਨ ਸੰਬੰਧੀ ਆਖਿਆ ਗਿਆ ਪਰ ਅਜੇ ਤੱਕ 'ਸਿੱਟ' ਵਲੋਂ ਕੋਈ ਯੋਗ ਹੁੰਗਾਰਾ ਨਹੀਂ ਮਿਲਿਆ ਹੈ |