ਅੰਮਿ੍ਤਸਰ, 27 ਜਨਵਰੀ (ਜਸਵੰਤ ਸਿੰਘ ਜੱਸ)-ਪਿਛਲੇ ਦਿਨੀਂ ਚਰਚਾ ਦਾ ਵਿਸ਼ਾ ਬਣੀ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਵਾਇਰਲ ਵਿਵਾਦਤ ਵੀਡੀਓ ਦੀ ਪ੍ਰਮਾਣਿਕਤਾ ਦੀ ਜਾਂਚ ਲਈ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਲੋਂ ਉਕਤ ਵੀਡੀਓ ਕਲਿੱਪ ਫੋਰੈਂਸਿਕ ਜਾਂਚ ਲਈ ਤਿੰਨ ਲੈਬਜ਼ ਨੂੰ ਭੇਜੇ ਜਾਣ ਦੀ ਸੂਚਨਾ ਮਿਲੀ ਹੈ | ਜ਼ਿਕਰਯੋਗ ਹੈ ਕਿ ਬੀਤੀ 15 ਜਨਵਰੀ ਨੂੰ ਮੁੱਖ ਮੰਤਰੀ ਪੰਜਾਬ ਦੀ ਅਕਾਲ ਤਖ਼ਤ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਹੋਈ ਮੀਟਿੰਗ ਦੌਰਾਨ ਉਨ੍ਹਾਂ ਨੇ ਇਹ ਸਪੱਸ਼ਟ ਕੀਤਾ ਸੀ ਕਿ ਇਹ ਵੀਡੀਓ ਉਨ੍ਹਾਂ ਦੀ ਨਹੀਂ ਹੈ, ਬਲਕਿ ਇਸ ਨਕਲੀ ਵੀਡੀਓ ਨੂੰ ਏ.ਆਈ. ਤਕਨੀਕ ਨਾਲ ਕਿਸੇ ਵਲੋਂ ਤਿਆਰ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਮੁੱਖ ਮੰਤਰੀ ਨੂੰ ਉਨ੍ਹਾਂ ਵਲੋਂ ਸੁਝਾਈਆਂ ਕਿਸੇ ਵੀ ਦੋ ਅਧਿਕਾਰਤ ਫੋਰੈਂਸਿਕ ਲੈਬਾਂ ਤੋਂ ਇਸ ਵੀਡੀਓ ਦੀ ਪ੍ਰਮਾਣਿਕਤਾ ਦੀ ਜਾਂਚ ਕਰਾਉਣ ਦੀ ਪੇਸ਼ਕਸ਼ ਕੀਤੀ ਗਈ ਸੀ ਅਤੇ ਸਕੱਤਰੇਤ ਵਲੋਂ ਆਪਣੇ ਪੱਧਰ 'ਤੇ ਵੀ ਇਸ ਦੀ ਜਾਂਚ ਕਰਾਉਣ ਬਾਰੇ ਕਿਹਾ ਗਿਆ ਸੀ | ਹੁਣ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਲੋਂ ਆਪਣੇ ਪੱਧਰ 'ਤੇ ਤਿੰਨ ਵੱਖ-ਵੱਖ ਲੈਬਸ ਨੂੰ ਉਕਤ ਵਿਵਾਦਤ ਵੀਡੀਓ ਕਲਿੱਪ ਜਾਂਚ ਲਈ ਭੇਜਿਆ ਗਿਆ ਹੈ | ਜ਼ਿਕਰਯੋਗ ਹੈ ਕਿ ਕੇਵਲ 42 ਸਕਿੰਟ ਦੇ ਇਸ ਵੀਡੀਓ ਕਲਿੱਪ 'ਚ ਗੁਰੂ ਸਾਹਿਬਾਨ ਅਤੇ ਸੰਤ ਭਿੰਡਰਾਂਵਾਲਾ ਦੀਆਂ ਤਸਵੀਰਾਂ ਦੀ ਬੇਅਦਬੀ ਕੀਤੇ ਜਾਣ ਦਾ ਦੋਸ਼ ਹੈ | ਜ਼ਿਕਰਯੋਗ ਹੈ ਕਿ ਜਥੇਦਾਰ ਵਲੋਂ ਕਿਹਾ ਗਿਆ ਸੀ ਕਿ ਮੁੱਖ ਮੰਤਰੀ ਦੀ ਵਿਵਾਦਤ ਵੀਡੀਓ ਬਾਰੇ ਜੋ ਵੀ ਜਾਂਚ ਰਿਪੋਰਟ ਸਾਹਮਣੇ ਆਵੇਗੀ, ਉਸ ਨੂੰ ਖ਼ਾਲਸਾ ਪੰਥ ਦੇ ਸਨਮੁਖ ਰੱਖ ਕੇ ਅਗਲਾ ਫ਼ੈਸਲਾ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ ਵਲੋਂ ਦਿੱਤੇ ਲਿਖਤੀ ਸਪੱਸ਼ਟੀਕਰਨ ਨੂੰ ਪੰਜ ਸਿੰਘ ਸਾਹਿਬਾਨ ਦੀ ਆਗਾਮੀ ਇਕੱਤਰਤਾ ਦੌਰਾਨ ਵਿਚਾਰਿਆ ਜਾਵੇਗਾ |