ਪਟਿਆਲਾ, 28 ਜਨਵਰੀ (ਮਨਦੀਪ ਸਿੰਘ ਖਰੌੜ)-ਜਬਰ ਜਨਾਹ ਦੇ ਕੇਸ 'ਚ ਸਤੰਬਰ 2025 ਤੋਂ ਫ਼ਰਾਰ ਚੱਲ ਰਹੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਪਟਿਆਲਾ ਵਿਖੇ ਸਰਕਾਰੀ ਕੋਠੀ 'ਚ ਰਾਜਨੀਤਿਕ ਗਤੀਵਿਧੀਆਂ ਕਰਨ ਦੇ ਦੋਸ਼ਾਂ ਤਹਿਤ ਘਰ ਦੀ ਅਲਾਟਮੈਂਟ ਰੱਦ ਕਰਨ ਉਪਰੰਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਖਾਲੀ ਕਰਵਾਈ ਗਈ ਹੈ | ਦੂਜੇ ਪਾਸੇ, ਇਸ ਕਾਰਵਾਈ ਨੂੰ ਵਿਧਾਇਕ ਦੀ ਪਤਨੀ ਸਿਮਰਨਜੀਤ ਕੌਰ ਵਲੋਂ ਰਾਜਨੀਤਿਕ ਬਦਲਾਖੋਰੀ ਦੱਸਿਆ ਹੈ | ਸਿਮਰਨਜੀਤ ਕੌਰ ਪਠਾਣਮਾਜਰਾ ਨੇ 'ਅਜੀਤ' ਨੂੰ ਦੱਸਿਆ ਕਿ ਸੂਬਾ ਸਰਕਾਰ ਉਨ੍ਹਾਂ ਦੇ ਪਰਿਵਾਰ ਨਾਲ ਧੱਕਾ ਕਰ ਰਹੀ ਹੈ | ਨਿਯਮਾਂ ਦੇ ਉਲਟ ਕੋਈ ਅਹੁਦਾ ਨਾ ਹੋਣ ਦੇ ਬਾਵਜੂਦ ਵੀ ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਨੂੰ ਸਰਕਾਰੀ ਘਰ ਅਲਾਟ ਕੀਤਾ ਹੋਇਆ ਹੈ, ਉਸ ਦੀ ਕੋਠੀ ਕਿਉਂ ਨਹੀਂ ਖਾਲੀ ਕਰਵਾਉਂਦੇ | ਸਰਕਾਰੀ ਰਿਹਾਇਸ਼ ਖਾਲੀ ਕਰਨ ਲਈ ਉਨ੍ਹਾਂ 15 ਦਿਨਾਂ ਦਾ ਸਮਾਂ ਮੰਗਿਆ ਸੀ ਪਰ ਸਵੇਰੇ ਪੁਲਿਸ ਟੀਮਾਂ ਧੱਕੇ ਨਾਲ ਟਰੱਕ ਲਿਆ ਕਿ ਘਰ ਦਾ ਸਾਮਾਨ ਲੱਦ ਕੇ ਉਨ੍ਹਾਂ ਨੂੰ ਘਰੋਂ ਕੱਢਿਆ ਹੈ, ਇਹ ਕਿਥੋਂ ਦਾ ਕਾਨੂੰਨ ਹੈ ਕਿ ਮੌਜੂਦਾ ਵਿਧਾਇਕ ਸਰਕਾਰੀ ਘਰ ਰੱਖਣ ਦਾ ਹੱਕ ਹੋਣ ਦੇ ਬਾਵਜੂਦ ਬਾਹਰ ਕੱਢਿਆ ਜਾ ਰਿਹਾ ਹੈ | ਇਸ ਸੰਬੰਧੀ ਆਸਟ੍ਰੇਲੀਆ ਬੈਠੇ ਵਿਧਾਇਕ ਪਠਾਣਮਾਜਰਾ ਨੇ ਸੋਸ਼ਲ ਮੀਡੀਆ 'ਤੇ ਭੜਾਸ ਕੱਢਦਿਆਂ ਆਖਿਆ ਕਿ ਆਪਣੇ ਹਲਕੇ ਦੇ ਮੁੱਦੇ ਉਠਾਉਣ ਅਤੇ 'ਆਪ' ਸਰਕਾਰ ਖ਼ਿਲਾਫ਼ ਬੋਲਣ ਦਾ ਖ਼ਮਿਆਜ਼ਾ ਉਸ ਨੂੰ ਭੁਗਤਣਾ ਪੈ ਰਿਹਾ ਹੈ |
ਜ਼ਿਲ੍ਹਾ ਪ੍ਰਸ਼ਾਸਨ ਨੇ ਖਾਲੀ ਕਰਵਾਈ ਵਿਧਾਇਕ ਪਠਾਣਮਾਜਰਾ ਦੀ ਸਰਕਾਰੀ ਕੋਠੀ <br/>
ਅਜੀਤ ਡੈਸਕ
29-01-2026