27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਲਾਹੌਰ ਸ਼ਾਹੀ ਕਿਲ੍ਹੇ 'ਚ ਮੌਜੂਦ ਲਵ ਮੰਦਰ ਦੀ ਮੁਰੰਮਤ ਦਾ ਕੰਮ ਮੁਕੰਮਲ, ਜਨਤਾ ਲਈ ਖੋਲਿ੍ਹਆ <br/>

Ad Position 21
No active advertisement
ਅਜੀਤ ਡੈਸਕ 29-01-2026

ਅੰਮਿ੍ਤਸਰ, 28 ਜਨਵਰੀ (ਸੁਰਿੰਦਰ ਕੋਛੜ)-ਵਾਲਡ ਸਿਟੀ ਆਫ਼ ਲਾਹੌਰ ਅਥਾਰਿਟੀ (ਡਬਲਿਊ. ਸੀ. ਐੱਲ. ਏ.) ਦੀ ਸਰਪ੍ਰਸਤੀ ਹੇਠ ਆਗਾ ਖ਼ਾਨ ਕਲਚਰਲ ਸਰਵਿਸ ਪਾਕਿਸਤਾਨ ਦੇ ਸਹਿਯੋਗ ਨਾਲ ਲਾਹੌਰ ਸ਼ਾਹੀ ਕਿਲ੍ਹੇ ਦੇ ਆਲਮਗੀਰੀ ਦਰਵਾਜ਼ੇ ਦੇ ਅੰਦਰਲੇ ਪਾਸੇ ਸਥਿਤ ਲੋਹ (ਲਵ) ਮੰਦਰ ਦੀ ਮੁਰੰਮਤ ਦਾ ਕੰਮ ਪੂਰਾ ਹੋ ਗਿਆ ਹੈ ਅਤੇ ਹੁਣ ਇਹ ਜਨਤਾ ਲਈ ਖੋਲ੍ਹ ਦਿੱਤਾ ਗਿਆ ਹੈ | ਇਹ ਮੰਦਰ ਭਗਵਾਨ ਰਾਮ ਦੇ ਪੁੱਤਰ ਲਵ ਨੂੰ ਸਮਰਪਿਤ ਹੈ | ਹਿੰਦੂ ਮਿਥਿਹਾਸ ਅਨੁਸਾਰ ਲਾਹੌਰ ਸ਼ਹਿਰ ਦਾ ਨਾਂਅ ਲਵ ਤੋਂ ਪਿਆ | ਪੁਰਾਤਨ ਦਸਤਾਵੇਜ਼ਾਂ ਮੁਤਾਬਿਕ ਪ੍ਰਾਚੀਨ ਸਮੇਂ 'ਚ ਲਾਹੌਰ ਨੂੰ 'ਲਵਪੁਰ' ਅਤੇ 'ਲਵਪੁਰੀ' ਵਜੋਂ ਜਾਣਿਆ ਜਾਂਦਾ ਸੀ, ਜੋ ਕਿ ਸ੍ਰੀ ਰਾਮ ਚੰਦਰ ਦੇ ਪੁੱਤਰ ਲਵ ਤੋਂ ਇਸ ਦੀ ਉਤਪਤੀ ਵੱਲ ਇਸ਼ਾਰਾ ਕਰਦਾ ਹੈ, ਜਦਕਿ ਕਸੂਰ ਸ਼ਹਿਰ ਦੀ ਸਥਾਪਨਾ ਲਵ ਦੇ ਜੁੜਵਾ ਭਰਾ ਰਾਜ ਕੁਮਾਰ ਕੁਸ਼ ਵਲੋਂ ਕੀਤੀ ਗਈ ਸੀ | ਸਭ ਤੋਂ ਪਹਿਲਾਂ ਲੇਖਕ ਮੁਨਸ਼ੀ ਸੁਜਾਨ ਰਾਏ ਭੰਡਾਰੀ ਵਲੋਂ ਸੰਨ 1691 'ਚ ਲਵ ਮੰਦਰ ਦਾ ਜ਼ਿਕਰ ਕੀਤਾ ਗਿਆ | ਉਸ ਤੋਂ ਬਾਅਦ ਸੰਨ 1892 'ਚ ਸਈਅਦ ਮੁਹੰਮਦ ਲਤੀਫ਼ ਨੇ ਮੰਦਰ ਦੀ ਹੋਂਦ ਦਾ ਵਰਣਨ ਕੀਤਾ | ਡਬਲਿਊ. ਸੀ. ਐੱਲ. ਏ. ਨੇ ਬੀਤੇ ਦਿਨ ਲੋਹ ਦੇ ਮੰਦਰ/ਸਮਾਧ ਦੇ ਨਾਲ-ਨਾਲ ਸਿੱਖ ਰਾਜ ਵੇਲੇ ਉਸਾਰੇ ਗਏ ਹਮਾਮ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਅਠਦਰਾਂ ਪਵੇਲੀਅਨ ਦੀ ਬਹਾਲੀ ਦਾ ਰਸਮੀ ਉਦਘਾਟਨ ਕੀਤਾ | ਅਥਾਰਿਟੀ ਦੀ ਬੁਲਾਰਾ ਤਾਨੀਆ ਕੁਰੈਸ਼ੀ ਨੇ ਕਿਹਾ ਕਿ ਲਾਹੌਰ ਕਿਲ੍ਹੇ ਦੀ ਸੱਭਿਆਚਾਰਕ ਵਿਰਾਸਤ ਨੂੰ ਉਜਾਗਰ ਕਰਨ ਲਈ ਇਸ ਦਾ ਸੁੰਦਰੀਕਰਨ ਅਤੇ ਨਵਉਸਾਰੀ ਕਰਵਾਈ ਜਾ ਰਹੀ ਹੈ | ਕਿਲ੍ਹੇ ਦੇ ਅੰਦਰ ਕਈ ਸਿੱਖ ਅਤੇ ਹਿੰਦੂ ਸਮਾਰਕ ਮੌਜੂਦ ਹਨ | ਉਨ੍ਹਾਂ ਦੱਸਿਆ ਕਿ ਸੰਭਾਲ ਪ੍ਰਕਿਰਿਆ 'ਚ ਕਈ ਆਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਗਈ ਹੈ | ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਇਕ ਵਿਦੇਸ਼ੀ ਸਿੱਖ ਖੋਜ-ਕਰਤਾ ਨੇ ਲਾਹੌਰ ਕਿਲ੍ਹੇ 'ਚ ਸਿੱਖ ਕਾਲ (1799-1849) ਦੌਰਾਨ ਬਣਾਏ ਗਏ ਲਗਭਗ 100 ਸਮਾਰਕਾਂ ਦੀ ਪਛਾਣ ਕੀਤੀ ਸੀ | ਇਨ੍ਹਾਂ 'ਚੋਂ ਲਗਭਗ 30 ਹੁਣ ਮੌਜੂਦ ਨਹੀਂ ਹਨ | ਪਾਕਿਸਤਾਨੀ ਇਤਿਹਾਸਕਾਰਾਂ ਮੁਤਾਬਿਕ ਲਾਹੌਰ ਸ਼ਾਹੀ ਕਿਲ੍ਹਾ ਸਿੱਖ ਇਤਿਹਾਸ 'ਚ ਵਿਸ਼ੇਸ਼ ਮਹੱਤਵ ਰੱਖਦਾ ਹੈ | ਇਸ ਨੇ ਲਗਭਗ ਅੱਧੀ ਸਦੀ ਤੱਕ ਸਿੱਖ ਸਾਮਰਾਜ ਲਈ ਸ਼ਕਤੀ ਦੇ ਕੇਂਦਰ ਵਜੋਂ ਸੇਵਾ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਖੰਨਾ 'ਚ ਮਸ਼ਹੂਰ ਫ਼ੈਸ਼ਨ ਡਿਜ਼ਾਈਨਰ ਤੇ ਕੱਪੜਾ ਵਪਾਰੀ ਤੋਂ ਮੂੰਹ-ਬੋਲੇ ਭਰਾ ਨੇ ਹੀ ਮੰਗੀ ਸੀ ਫਿਰੌਤੀ ਅਗਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਨੇ ਖਾਲੀ ਕਰਵਾਈ ਵਿਧਾਇਕ ਪਠਾਣਮਾਜਰਾ ਦੀ ਸਰਕਾਰੀ ਕੋਠੀ <br/>
Ad Position 24