ਗੁਰਪ੍ਰੀਤ ਸਿੰਘ ਲਾਡੀ
ਬਰਨਾਲਾ, 31 ਜਨਵਰੀ-ਲੁਧਿਆਣਾ ਦੇ ਉਦਯੋਗਿਕ ਖੇਤਰ ਦਾ ਸਾਲਾਂ ਪੁਰਾਣਾ ਸੁਪਨਾ ਹੁਣ ਸਾਕਾਰ ਹੋਣ ਜਾ ਰਿਹਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਫਰਵਰੀ ਨੂੰ ਹਲਵਾਰਾ ਸਥਿਤ ਸ਼ਹੀਦ-ਏ-ਆਜ਼ਮ ਸ. ਕਰਤਾਰ ਸਿੰਘ ਸਰਾਭਾ ਏਅਰਪੋਰਟ ਦਾ ਉਦਘਾਟਨ ਕਰਨਗੇ | ਇਸ ਉਦਘਾਟਨ ਨੂੰ ਪੰਜਾਬ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿਚ ਇੱਕ ਇਤਿਹਾਸਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ, ਜਿਸ ਨਾਲ ਲੁਧਿਆਣਾ ਸਮੇਤ ਪੂਰੇ ਮਾਲਵਾ ਖੇਤਰ ਨੂੰ ਵੱਡੀ ਹਵਾਈ ਕਨੈਕਟੀਵਿਟੀ ਦੀ ਸੌਗਾਤ ਮਿਲੇਗੀ | ਹਲਵਾਰਾ ਏਅਰਪੋਰਟ ਦੀ ਸ਼ੁਰੂਆਤ ਪਿੱਛੇ ਰਾਜ ਸਭਾ ਮੈਂਬਰ ਤੇ ਪ੍ਰਸਿੱਧ ਉਦਯੋਗਪਤੀ ਪਦਮਸ਼੍ਰੀ ਰਾਜਿੰਦਰ ਗੁਪਤਾ ਦੇ ਲਗਾਤਾਰ ਯਤਨ ਮਹੱਤਵਪੂਰਨ ਰਹੇ ਹਨ | ਉਨ੍ਹਾਂ ਨੇ ਰਾਜ ਸਭਾ ਵਿਚ ਆਪਣੇ ਕਾਰਜਕਾਲ ਦੇ ਪਹਿਲੇ ਹੀ ਦਿਨ ਇਸ ਮੁੱਦੇ ਨੂੰ ਉਠਾਉਂਦਿਆਂ ਵਪਾਰ, ਉਦਯੋਗ ਅਤੇ ਖੇਤਰੀ ਵਿਕਾਸ ਲਈ ਏਅਰਪੋਰਟ ਦੀ ਲੋੜ 'ਤੇ ਜ਼ੋਰ ਦਿੱਤਾ ਸੀ | ਉਨ੍ਹਾਂ ਵਲੋਂ ਉਠਾਈ ਮੰਗ ਤੋਂ ਬਾਅਦ ਕੇਂਦਰ ਸਰਕਾਰ ਵਲੋਂ ਇਸ ਪ੍ਰੋਜੈਕਟ ਨੂੰ ਤਰਜੀਹ ਦੇਣ ਦਾ ਭਰੋਸਾ ਦਿੱਤਾ ਗਿਆ ਸੀ, ਜੋ ਹੁਣ ਪ੍ਰਧਾਨ ਮੰਤਰੀ ਵਲੋਂ ਹਵਾਈ ਅੱਡੇ ਨੂੰ ਦੇਸ਼ ਨੂੰ ਸਮਰਪਿਤ ਕਰਨ ਨਾਲ ਪੂਰਾ ਹੋ ਰਿਹਾ ਹੈ | ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਦਿਆਂ ਰਾਜਿੰਦਰ ਗੁਪਤਾ ਨੇ ਕਿਹਾ ਕਿ ਮਾਲਵਾ ਖੇਤਰ, ਖ਼ਾਸ ਕਰ ਕੇ ਲੁਧਿਆਣਾ, ਪੰਜਾਬ ਦੀ ਉਦਯੋਗਿਕ ਰੀੜ੍ਹ ਹੈ, ਜਿਥੇ ਹਜ਼ਾਰਾਂ ਨਿਰਮਾਣ ਯੂਨਿਟਾਂ ਅਤੇ ਐਮ.ਐਸ.ਐਮ.ਈ. ਕੰਮ ਕਰ ਰਹੀਆਂ ਹਨ | ਸਥਾਨਕ ਹਵਾਈ ਅੱਡਾ ਨਾ ਹੋਣ ਕਾਰਨ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਚੰਡੀਗੜ੍ਹ ਜਾਂ ਅੰਮਿ੍ਤਸਰ ਜਾਣਾ ਪੈਂਦਾ ਸੀ, ਜਿਸ ਨਾਲ ਸਮਾਂ ਅਤੇ ਸਰੋਤਾਂ ਦੀ ਵੱਡੀ ਬਰਬਾਦੀ ਹੁੰਦੀ ਸੀ | ਹਲਵਾਰਾ ਤੋਂ ਉਡਾਣਾਂ ਸ਼ੁਰੂ ਹੋਣ ਨਾਲ ਕਾਰੋਬਾਰ ਸੁਗਮ ਹੋਵੇਗਾ, ਨਵੇਂ ਨਿਵੇਸ਼ ਆਕਰਸ਼ਿਤ ਹੋਣਗੇ ਅਤੇ ਨਿਰਯਾਤ-ਆਯਾਤ ਗਤੀਵਿਧੀਆਂ ਨੂੰ ਮਜ਼ਬੂਤੀ ਮਿਲੇਗੀ | ਇਸ ਮੁੱਦੇ ਨੂੰ ਸੰਸਦ ਵਿਚ ਉਠਾਉਂਦੇ ਹੋਏ ਉਨ੍ਹਾਂ ਕਿਹਾ ਸੀ ਕਿ ਲੁਧਿਆਣਾ ਇਕੱਲਾ ਹੀ ਦੇਸ਼ ਦੇ ਉਦਯੋਗਿਕ ਉਤਪਾਦਨ ਵਿਚ 72 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਯੋਗਦਾਨ ਪਾਉਂਦਾ ਹੈ ਤੇ ਇਥੇ 1.5 ਲੱਖ ਤੋਂ ਜ਼ਿਆਦਾ ਐਮ.ਐਸ.ਐਮ.ਈ ਹਨ, ਫਿਰ ਵੀ ਦਹਾਕਿਆਂ ਤੱਕ ਇਥੇ ਕੋਈ ਵਪਾਰਕ ਹਵਾਈ ਅੱਡਾ ਨਹੀਂ ਸੀ | ਨਾਲ ਹੀ ਉਨ੍ਹਾਂ ਨੇ ਪੰਜਾਬ ਦੀ 22 ਤੋਂ 25 ਲੱਖ ਦੀ ਮਜ਼ਬੂਤ ਐਨ.ਆਰ.ਆਈ. ਆਬਾਦੀ, ਵਿਦਿਆਰਥੀਆਂ, ਮੈਡੀਕਲ ਯਾਤਰੀਆਂ ਅਤੇ ਉਦਯੋਗਪਤੀਆਂ ਦੀਆਂ ਲੋੜਾਂ ਨੂੰ ਵੀ ਰੇਖਾਂਕਿਤ ਕੀਤਾ ਸੀ | ਪ੍ਰਤੀ ਦਿਨ ਲਗਭਗ 2,500 ਯਾਤਰੀਆਂ ਅਤੇ ਪਹਿਲੇ ਹੀ ਦਿਨ ਤੋਂ 10 ਤੋਂ 12 ਉਡਾਣਾਂ ਸੰਭਾਲਣ ਦੀ ਸਮਰੱਥਾ ਨਾਲ ਇਹ ਹਵਾਈ ਅੱਡਾ ਦਿੱਲੀ, ਮੁੰਬਈ, ਬੈਂਗਲੁਰੂ ਅਤੇ ਚੇਨਈ ਵਰਗੇ ਮੁੱਖ ਸ਼ਹਿਰਾਂ ਨਾਲ ਸਿੱਧਾ ਸੰਪਰਕ ਸਥਾਪਿਤ ਕਰੇਗਾ |
ਰਾਜਿੰਦਰ ਗੁਪਤਾ ਦੇ ਯਤਨ ਲਿਆਏ ਰੰਗ, ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ ਹਲਵਾਰਾ ਏਅਰਪੋਰਟ ਦਾ ਉਦਘਾਟਨ <br/>
ਅਜੀਤ ਡੈਸਕ
01-02-2026