• ਅੰਮਿ੍ਤਸਰ ਹਵਾਈ ਅੱਡੇ 'ਤੇ ਸਾਲ 2023-24 'ਚ ਹੋਈ ਰਿਕਾਰਡ ਜ਼ਬਤੀ • ਗਿ੍ਫ਼ਤਾਰੀਆਂ ਹਜ਼ਾਰਾਂ 'ਚ, ਸਜ਼ਾ ਦਰ ਬਹੁਤ ਘੱਟ: ਜਾਂਚ ਪ੍ਰਣਾਲੀ 'ਤੇ ਉੱਠੇ ਸਵਾਲ?
ਨਰਪਿੰਦਰ ਸਿੰਘ ਧਾਲੀਵਾਲ
ਰਾਮਪੁਰਾ ਫੂਲ, 31 ਜਨਵਰੀ-ਦੇਸ਼ ਦੇ ਹਵਾਈ ਅਤੇ ਸਮੁੰਦਰੀ ਮਾਰਗਾਂ 'ਤੇ ਤਸਕਰਾਂ ਦਾ ਜਾਲ ਦੇਸ਼ ਦੀ ਸੁਰੱਖਿਆ ਅਤੇ ਆਰਥਿਕਤਾ ਲਈ ਇਕ ਚਿੰਤਾਜਨਕ ਵਿਸ਼ਾ ਹੈ | ਸਰਕਾਰੀ ਸੂਤਰਾਂ ਤੋਂ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਭਾਰਤੀ ਹਵਾਈ ਅੱਡਿਆਂ ਅਤੇ ਬੰਦਰਗਾਹਾਂ 'ਤੇ ਸੋਨੇ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਭਾਰੀ ਉਛਾਲ ਦੇਖਿਆ ਗਿਆ ਹੈ | ਪਿਛਲੇ ਸਾਲਾਂ ਦੇ ਸਰਕਾਰੀ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਸਾਲ 2023-24 ਦੌਰਾਨ ਹਵਾਈ ਅੱਡਿਆਂ 'ਤੇ ਸੋਨੇ ਦੀ ਤਸਕਰੀ ਦੇ 5962 ਕੇਸ ਸਾਹਮਣੇ ਆਏ, ਜਿਨ੍ਹਾਂ ਵਿਚ 3714.38 ਕਿੱਲੋ ਸੋਨਾ ਜ਼ਬਤ ਕੀਤਾ ਗਿਆ, ਜਿਸ ਦੀ ਬਾਜ਼ਾਰੀ ਕੀਮਤ 2081.39 ਕਰੋੜ ਰੁਪਏ ਸੀ | ਸਾਲ 2024-25 ਦੇ ਵਿੱਤੀ ਸਾਲ ਅੰਦਰ ਪਹਿਲੇ ਹੀ ਕੁਝ ਮਹੀਨਿਆਂ ਵਿਚ ਲਗਭਗ 1848.29 ਕਿੱਲੋ ਸੋਨਾ ਫੜਿਆ ਗਿਆ, ਜਿਸ ਦੀ ਕੀਮਤ ਤਕਰੀਬਨ 1286.27 ਕਰੋੜ ਰੁਪਏ ਦੱਸੀ ਗਈ ਹੈ | ਸਾਲ 2023-24 ਦੌਰਾਨ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਰਿਕਾਰਡ 1091.30 ਕਿੱਲੋ ਸੋਨਾ ਜ਼ਬਤ ਕੀਤਾ ਗਿਆ | ਇਸੇ ਤਰ੍ਹਾਂ ਦਿੱਲੀ ਦੇ ਆਈ.ਜੀ.ਆਈ. ਹਵਾਈ ਅੱਡੇ 'ਤੇ ਵੀ 256.24 ਕਿੱਲੋ ਸੋਨਾ ਫੜਿਆ ਗਿਆ | ਪੰਜਾਬ ਦੇ ਅੰਮਿ੍ਤਸਰ ਹਵਾਈ ਅੱਡੇ 'ਤੇ ਵੀ ਸਾਲ 2023-24 ਵਿਚ 21.99 ਕਿੱਲੋ ਸੋਨਾ ਜ਼ਬਤ ਕਰਕੇ ਤਸਕਰਾਂ ਦੇ ਮਨਸੂਬਿਆਂ ਨੂੰ ਫੇਲ੍ਹ ਕੀਤਾ ਗਿਆ | ਚੰਡੀਗੜ੍ਹ੍ਹ ਹਵਾਈ ਅੱਡੇ 'ਤੇ ਅੰਤਰਰਾਸ਼ਟਰੀ ਉਡਾਨਾਂ ਭਾਵੇਂ ਸੀਮਤ ਹਨ ਪਰ ਇਥੇ ਤਸਕਰੀ ਦੇ ਤਰੀਕੇ ਹੈਰਾਨ ਕਰਨ ਵਾਲੇ ਹਨ | ਇਥੇ ਪਿਛਲੇ ਪੰਜ ਸਾਲਾਂ ਵਿਚ ਲਗਭਗ 150 ਕਿੱਲੋ ਦੇ ਕਰੀਬ ਸੋਨਾ ਫੜਿਆ ਗਿਆ ਹੈ | ਤਸਕਰ ਅਕਸਰ ਸੋਨੇ ਨੂੰ ਮਿਕਸਚਰ ਗ੍ਰਾਈਾਡਰ, ਪੋਸਟਰਾਂ ਜਾਂ ਪ੍ਰੈੱਸ ਦੇ ਅੰਦਰ ਛੁਪਾਕੇ ਲਿਆਉਂਦੇ ਦੱਸੇ ਗਏ ਹਨ | ਦੂਜੇ ਪਾਸੇ, ਸਮੁੰਦਰੀ ਰਸਤਿਆਂ ਰਾਹੀਂ ਹੋ ਰਹੀ ਨਸ਼ਾ ਤਸਕਰੀ ਸਭ ਤੋਂ ਵੱਡੀ ਚੁਣੌਤੀ ਬਣ ਕੇ ਉੱਭਰੀ ਹੈ | ਸਾਲ 2022-23 ਵਿਚ ਸਮੁੰਦਰੀ ਬੰਦਰਗਾਹਾਂ 'ਤੇ 14491.75 ਕਿੱਲੋ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ, ਜਿਨ੍ਹਾਂ ਦੀ ਕੀਮਤ 5692.34 ਕਰੋੜ ਰੁਪਏ ਸੀ | ਹੈਰਾਨੀਜਨਕ ਖ਼ੁਲਾਸਾ ਇਹ ਹੋਇਆ ਕਿ ਤਸਕਰਾਂ ਨੇ 13,864 ਕਿੱਲੋ ਮੁਲੇਠੀ ਦੀਆਂ ਜੜ੍ਹਾਂ ਨੂੰ ਹੈਰੋਇਨ ਵਿਚ ਭਿਓਾ ਕੇ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਸੀ | ਸਾਲ 2023-24 ਵਿਚ ਨਸ਼ਾ ਤਸਕਰੀ ਦੀ ਕੀਮਤ ਹੋਰ ਵੀ ਵੱਧ ਗਈ ਅਤੇ ਹਵਾਈ ਅੱਡਿਆਂ 'ਤੇ ਫੜੇ ਗਏ ਨਸ਼ੇ ਦੀ ਕੀਮਤ 8027.42 ਕਰੋੜ ਰੁਪਏ ਤੱਕ ਜਾ ਪਹੁੰਚੀ | ਸਰਕਾਰੀ ਅੰਕੜਿਆਂ ਮੁਤਾਬਿਕ ਗਿ੍ਫ਼ਤਾਰੀਆਂ ਦਾ ਸਿਲਸਿਲਾ ਵੀ ਜਾਰੀ ਹੈ | ਸੋਨੇ ਦੀ ਤਸਕਰੀ ਦੇ ਮਾਮਲੇ ਵਿਚ ਸਾਲ 2023-24 ਵਿਚ 1533, ਸਾਲ 2024-25 ਵਿਚ 342 ਵਿਅਕਤੀਆਂ ਅਤੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਹਵਾਈ ਅੱਡਿਆਂ ਤੋਂ 253 ਵਿਅਕਤੀਆਂ ਵਿਰੁੱਧ ਅਦਾਲਤੀ ਕਾਰਵਾਈ ਸ਼ੁਰੂ ਕੀਤੀ ਗਈ ਹੈ | ਹਾਲਾਂਕਿ, ਤਸਕਰੀ ਵਿਚ ਸਜ਼ਾ ਮਿਲਣ ਦੀ ਦਰ ਕਾਫ਼ੀ ਘੱਟ ਰਹੀ ਹੈ, ਜਿਸ ਨੇ ਜਾਂਚ ਏਜੰਸੀਆਂ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕੀਤੇ ਹਨ | ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਇਕ ਰਿਪੋਰਟ ਵਿਚ ਦੱਸਿਆ ਕਿ ਸਰਕਾਰ ਹੁਣ ਤਸਕਰੀ ਨੂੰ ਰੋਕਣ ਲਈ ਅਤਿ-ਆਧੁਨਿਕ ਤਕਨੀਕਾਂ ਦੀ ਵਰਤੋਂ ਕਰ ਰਹੀ ਹੈ | ਇਸ ਵਿਚ ਯਾਤਰੀਆਂ ਦੀ ਪ੍ਰੋਫਾਈਲਿੰਗ ਲਈ ਆਧੁਨਿਕ ਯਾਤਰੀ ਸੂਚਨਾ ਸਿਸਟਮ ਤੇ ਗੈਰ-ਦਖਲਅੰਦਾਜ਼ੀ ਜਾਂਚ ਲਈ ਐਕਸ-ਰੇ ਅਤੇ ਕੰਟੇਨਰ ਸਕੈਨਿੰਗ ਲਗਾਏ ਗਏ ਹਨ | ਸਰਕਾਰ ਦਾ ਦਾਅਵਾ ਹੈ ਕਿ ਇਨ੍ਹਾਂ ਸਖ਼ਤ ਕਦਮਾਂ ਕਾਰਨ ਸਾਲ 2024 ਤੋਂ ਬਾਅਦ ਤਸਕਰੀ ਦੇ ਮਾਮਲਿਆਂ ਵਿਚ ਕਮੀ ਆਉਣੀ ਸ਼ੁਰੂ ਹੋ ਗਈ ਹੈ |
ਮੁੰਬਈ ਤੇ ਦਿੱਲੀ ਦੇ ਹਵਾਈ ਅੱਡੇ ਬਣੇ ਸੋਨੇ ਦੇ ਤਸਕਰਾਂ ਦੇ ਗੜ੍ਹ
ਅਜੀਤ ਡੈਸਕ
01-02-2026