ਰਾਜਪੁਰਾ, 1 ਫਰਵਰੀ (ਰਣਜੀਤ ਸਿੰਘ)-ਆਸਟੇ੍ਰਲੀਆ ਦੇ ਸ਼ਹਿਰ ਸਿਡਨੀ ਵਿਚ ਵਾਪਰੇ ਦਰਦਨਾਕ ਹਾਦਸੇ ਨੇ ਪੰਜਾਬ ਅਤੇ ਹਰਿਆਣਾ ਦੇ ਦੋ ਘਰਾਂ ਦੇ ਚਿਰਾਗ਼ ਬੁਝਾ ਦਿੱਤੇ ਹਨ | ਸਿਡਨੀ ਦੇ ਸਮੁੰਦਰ ਵਿਚ ਪਰਿਵਾਰਾਂ ਦੀਆਂ ਆਸਾਂ ਡੁੱਬ ਗਈਆਂ ਹਨ | ਇਸ ਕਾਰਨ ਰਾਜਪੁਰਾ ਵਿਚ ਸ਼ੋਕ ਦੀ ਲਹਿਰ ਦੌੜ ਗਈ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ | ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਫਰਵਰੀ ਮਹੀਨੇ ਵਿਚ ਉਨ੍ਹਾਂ ਦੇ ਘਰ ਦੇ ਪੁੱਤਰ ਨੇ ਵਿਆਹ ਕਰਵਾਉਣ ਲਈ ਆਉਣਾ ਸੀ ਪਰ ਹੁਣ ਉਸ ਦੀ ਲਾਸ਼ ਆ ਰਹੀ ਹੈ | ਇਥੋਂ ਦੇ ਫੋਕਲ ਪੁਆਇੰਟ ਵਾਸੀ ਸਚਿਨ ਖਿੱਲਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸਾਲ 2019 ਵਿਚ ਆਸਟੇ੍ਰਲੀਆ ਗਿਆ ਸੀ | ਉਨ੍ਹਾਂ ਦੱਸਿਆ ਕਿ ਸਚਿਨ ਖਿੱਲਾਂ ਅਤੇ ਉਸ ਦਾ ਬਚਪਨ ਦਾ ਦੋਸਤ ਸਾਹਿਲ ਬੱਤਰਾ ਸਮੇਤ ਪਰਿਵਾਰਕ ਮੈਂਬਰ 25 ਜਨਵਰੀ ਨੂੰ ਘੁੰਮਣ ਫਿਰਨ ਲਈ ਘਰੋਂ ਚਲੇ ਗਏ | ਸਾਰੇ ਜਣੇ ਸਿਡਨੀ ਦੇ ਨੇੜੇ ਇਕ ਥਾਂ 'ਤੇ ਪਾਣੀ ਵਿਚ ਚਲੇ ਗਏ | ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਿਥੇ ਉਹ ਪਾਣੀ ਵਿਚ ਗਏ, ਉਸ ਥਾਂ ਮਸੀਂ ਗਿੱਟੇ-ਗਿੱਟੇ ਤੱਕ ਪਾਣੀ ਸੀ ਪਰ ਦੋਵੇਂ ਦੋਸਤਾਂ ਸਚਿਨ ਅਤੇ ਸਾਹਿਲ ਲਈ ਉਹ ਥੋੜ੍ਹਾ ਜਿਹਾ ਪਾਣੀ ਹੀ ਮੌਤ ਦਾ ਕਾਰਨ ਬਣ ਗਿਆ | ਘਰਵਾਲਿਆਂ ਦਾ ਕਹਿਣਾ ਹੈ ਕਿ ਜਿਉਂ ਹੀ ਦੋਵੇਂ ਦੋਸਤ ਪਾਣੀ ਵਿਚ ਥੋੜ੍ਹਾ ਜਿਹੇ ਅੱਗੇ ਗਏ ਤਾਂ ਪਤਾ ਹੀ ਨਹੀਂ ਹੈ ਕਿ ਉਸ ਥਾਂ 'ਤੇ ਕੋਈ ਡੰੂਘਾ ਟੋਇਆ ਸੀ ਜਾਂ ਕੁਝ ਹੋਰ ਸੀ ਪਰ ਦੋਵੇਂ ਦੋਸਤ ਪਰਿਵਾਰਕ ਮੈਂਬਰਾਂ ਦੇ ਵੇਖਦੇ-ਵੇਖਦੇ ਹੀ ਪਾਣੀ ਵਿਚ ਹੇਠਾਂ ਚਲੇ ਗਏ | ਉਨ੍ਹਾਂ ਨੂੰ ਬਚਾਅ ਟੀਮ ਨੇ ਥੋੜ੍ਹੀ ਦੇਰ ਬਾਅਦ ਪਾਣੀ ਵਿਚੋਂ ਬਾਹਰ ਕੱਢਿਆ ਪਰ ਉਨ੍ਹਾਂ ਦੀ ਮੌਤ ਹੋ ਗਈ ਸੀ | ਸਚਿਨ ਖਿੱਲਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਦੀ ਮੰਗਣੀ ਹੋਈ ਸੀ ਅਤੇ ਉਸ ਨੇ ਵਿਆਹ ਕਰਵਾਉਣ ਲਈ ਫਰਵਰੀ ਮਹੀਨੇ ਵਿਚ ਪੰਜਾਬ ਆਉਣਾ ਸੀ ਪਰ ਹੁਣ ਬੁੱਧਵਾਰ ਨੂੰ ਉਸ ਦੀ ਲਾਸ਼ ਆ ਰਹੀ ਹੈ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਾਦਸੇ ਵਕਤ ਸਚਿਨ ਦੀ ਮੰਗੇਤਰ ਲੜਕੀ ਵੀ ਨਾਲ ਸੀ | ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਹਫ਼ਤਾ ਬੀਤ ਗਿਆ ਹੈ ਪਰ ਹਾਲੇ ਤੱਕ ਨਾ ਕੇਂਦਰ ਤੇ ਨਾ ਹੀ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਉਨ੍ਹਾਂ ਦੇ ਜ਼ਖ਼ਮਾਂ 'ਤੇ ਮੱਲ੍ਹਮ ਲਾਉਣ ਲਈ ਆਇਆ ਹੈ |
ਆਸਟੇ੍ਰਲੀਆ 'ਚ ਪੰਜਾਬ ਤੇ ਹਰਿਆਣੇ ਦੇ ਦੋ ਨੌਜਵਾਨਾਂ ਦੀ ਸਮੁੰਦਰ 'ਚ ਡੁੱਬਣ ਕਾਰਨ ਮੌਤ
ਅਜੀਤ ਡੈਸਕ
02-02-2026