ਅੰਮਿ੍ਤਸਰ, 2 ਫਰਵਰੀ (ਹਰਮਿੰਦਰ ਸਿੰਘ)-ਮੌਸਮ ਵਿਭਾਗ ਵਲੋਂ ਅਗਲੇ 24 ਘੰਟਿਆਂ ਲਈ ਪੰਜਾਬ ਅਤੇ ਹਰਿਆਣਾ 'ਚ ਆਮ ਤੌਰ 'ਤੇ ਮੌਸਮ ਖ਼ੁਸ਼ਕ ਰਹਿਣ ਅਤੇ ਇਸ ਦੇ ਨਾਲ ਹੀ ਇੱਥੋਂ ਦੇ ਕੁਝ ਇਲਾਕਿਆਂ 'ਚ ਹਲਕੀ ਧੁੰਦ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਪਰ ਉਸ ਤੋਂ ਬਾਅਦ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ | ਪਿਛਲੇ ਕੁਝ ਦਿਨਾਂ ਤੋਂ ਇਨ੍ਹਾਂ ਦੋਵੇਂ ਸੂਬਿਆਂ ਦੇ ਬਹੁਤ ਸਾਰੇ ਹਿੱਸਿਆਂ 'ਚ ਮੌਸਮ ਸਾਫ਼ ਰਹਿਣ ਕਰਕੇ ਪੰਜਾਬ 'ਚ 24 ਘੰਟਿਆਂ 'ਚ ਦਿਨ ਦੇ ਸਮੇਂ ਰੂਪ ਨਗਰ ਵਿਖੇ ਵੱਧ ਤੋਂ ਵੱਧ ਤਾਪਮਾਨ 22.7 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ | ਇਸ ਦੇ ਨਾਲ ਹੀ ਰਾਤ ਸਮੇਂ ਠੰਢੀਆਂ ਹਵਾਵਾਂ ਕਾਰਨ ਬਠਿੰਡਾ 'ਚ ਸੂਬੇ ਦੀਆਂ ਸਭ ਤੋਂ ਠੰਢੀਆਂ ਰਾਤਾਂ ਰਹੀਆਂ ਜਿੱਥੇ ਘੱਟ ਤੋਂ ਘੱਟ ਤਾਪਮਾਨ 5.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਕ ਦਿਨ ਪਹਿਲਾਂ ਨਾਲੋਂ 3.8 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ | ਇਸੇ ਦੌਰਾਨ ਹਰਿਆਣਾ ਦੇ ਅੰਬਾਲਾ ਦਾ ਦਿਨ ਦੇ ਸਮੇਂ ਵੱਧ ਤੋਂ ਵੱਧ ਤਾਪਮਾਨ 20.8 ਡਿਗਰੀ ਸੈਲਸੀਅਸ ਅਤੇ ਸਿਰਸਾ ਵਿਚ ਘੱਟ ਤੋਂ ਘੱਟ ਤਾਪਮਾਨ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਇੱਥੇ ਦਰਜ ਕੀਤਾ ਗਿਆ ਤਾਪਮਾਨ ਇਕ ਦਿਨ ਪਹਿਲਾਂ ਨਾਲੋਂ 3.0 ਡਿਗਰੀ ਸੈਲਸੀਅਸ ਘੱਟ ਸੀ |