ਮੂਣਕ, 20 ਫਰਵਰੀ-ਦੁਨੀਆ ਭਰ ਵਿਚ ਬਣੇ ਅੰਤਰਰਾਸ਼ਟਰੀ ਤਣਾਅ ਦੇ ਮਾਹੌਲ ਨੇ ਕੱਚੇ ਤੇਲ ਦੀਆਂ ਕੀਮਤਾਂ 'ਤੇ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ | ਅਮਰੀਕਾ ਅਤੇ ਈਰਾਨ ਵਿਚਕਾਰ ਵਧ ਰਹੇ ਭੂ-ਰਾਜਨੀਤਿਕ ਤਣਾਅ ਅਤੇ ਸੰਭਾਵਿਤ ਸੈਨਿਕ ਕਾਰਵਾਈ ਦੇ ਖ਼ਤਰੇ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਲ ਦੀਆਂ ਕੀਮਤਾਂ ਛੇ ਮਹੀਨਿਆਂ ਦੇ ਉਚੇ ਪੱਧਰ 'ਤੇ ਪਹੁੰਚ ਗਈਆਂ ਹਨ | ਅੰਤਰਰਾਸ਼ਟਰੀ ਮਿਆਰੀ ਬਰੇਟ ਕੱਚੇ ਤੇਲ ਦੀ ਕੀਮਤ ਲਗਭਗ 71.5 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ, ਜਦਕਿ ਅਮਰੀਕੀ ਮਿਆਰੀ ਡਬਲਯੂ ਟੀ.ਆਈ. ਕੱਚਾ ਤੇਲ ਕਰੀਬ 66.5 ਡਾਲਰ ਪ੍ਰਤੀ ਬੈਰਲ 'ਤੇ ਵਪਾਰ ਕਰ ਰਿਹਾ ਹੈ | ਦੋ ਦਿਨਾਂ ਦੌਰਾਨ ਆਏ ਇਸ ਵਾਧੇ ਨੇ ਬਾਜ਼ਾਰਾਂ ਵਿਚ ਅਨਿਸ਼ਚਿਤਤਾ ਦਾ ਮਾਹੌਲ ਬਣਾਇਆ ਹੈ | ਜਾਣਕਾਰਾਂ ਦੇ ਮੁਤਾਬਕ ਸਮੰੁਦਰ ਦੇ ਸਟੇਟ ਆਫ਼ ਹਰਮੂਜ ਰਸਤੇ ਰਾਹੀਂ ਲਗਭਗ 20 ਫ਼ੀਸਦੀ ਵਿਸ਼ਵ ਭਰ ਦੀ ਤੇਲ ਸਪਲਾਈ ਹੁੰਦੀ ਹੈ | ਇਸ ਖੇਤਰ ਵਿਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਦੀ ਸੰਭਾਵਨਾ ਕਾਰਨ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ, ਜਿਸ ਦਾ ਸਿੱਧਾ ਅਸਰ ਕੀਮਤਾਂ 'ਤੇ ਪੈਂਦਾ ਹੈ | ਅਮਰੀਕੀ ਪ੍ਰਸ਼ਾਸਨ ਵਲੋਂ ਈਰਾਨ ਨੂੰ ਉਸ ਦੀ ਪ੍ਰਮਾਣੂ ਯੋਜਨਾ ਸੰਬੰਧੀ ਸਮਝੌਤਾ ਕਰਨ ਲਈ ਸਮਾਂ ਹੱਦ ਦਿੱਤੇ ਜਾਣ ਦੀਆਂ ਖ਼ਬਰਾਂ ਤੋਂ ਬਾਅਦ ਸੰਘਰਸ਼ ਦਾ ਖ਼ਤਰਾ ਵਧਿਆ ਹੈ, ਜਿਸ ਕਾਰਨ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਆਈ ਹੈ | ਭਾਰਤ ਆਪਣੀ ਲਗਭਗ 85 ਫ਼ੀਸਦੀ ਤੋਂ ਵੱਧ ਤੇਲ ਦੀ ਲੋੜ ਦਰਾਮਦ ਰਾਹੀਂ ਪੂਰੀ ਕਰਦਾ ਹੈ | ਅਜਿਹੇ ਵਿਚ ਅੰਤਰਰਾਸ਼ਟਰੀ ਕੀਮਤਾਂ ਵਧਣ ਨਾਲ ਦੇਸ਼ ਦਾ ਦਰਾਮਦ ਬਿੱਲ ਵਧ ਸਕਦਾ ਹੈ | ਇਸ ਨਾਲ ਘਰੇਲੂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਤੇ ਦਬਾਅ ਬਣ ਸਕਦਾ ਹੈ ਅਤੇ ਵਧੇ ਹੋਏ ਡਾਲਰ ਦੀ ਮੰਗ ਕਾਰਨ ਰੁਪਏ 'ਤੇ ਵੀ ਅਸਰ ਪੈ ਸਕਦਾ ਹੈ | ਹਾਲਾਂਕਿ, ਇਸ ਵੇਲੇ ਦੇਸ਼ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਸਥਿਰ ਹਨ ਅਤੇ ਤੁਰੰਤ ਖਪਤਕਾਰਾਂ 'ਤੇ ਕਿਸੇ ਵੱਡੇ ਅਸਰ ਦੀ ਸੰਭਾਵਨਾ ਨਹੀਂ ਜਤਾਈ ਜਾ ਰਹੀ ਪਰ ਜੇਕਰ ਇਸੇ ਤਰ੍ਹਾਂ ਤਣਾਅਪੂਰਨ ਰਹਿੰਦੇ ਹਨ ਤੇ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤਾਂ ਲੰਬੇ ਸਮੇਂ ਤੱਕ ਉਚੇ ਪੱਧਰ 'ਤੇ ਬਣੀਆਂ ਰਹਿੰਦੀਆਂ ਹਨ ਤਾਂ ਘਰੇਲੂ ਬਾਜ਼ਾਰ ਵਿਚ ਵੀ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ |