ਅੰਮਿ੍ਤਸਰ, 20 ਫਰਵਰੀ (ਸੁਰਿੰਦਰ ਕੋਛੜ)-ਭਾਰਤ ਨਾਲ ਸਿੰਧੂ ਜਲ ਸੰਧੀ ਵਿਵਾਦ (ਆਈ.ਡਬਲਿਊ.ਟੀ.) ਉਤੇ ਪਾਕਿਸਤਾਨ ਨੇ ਖ਼ੁਦ ਆਪਣੀ ਪਿੱਠ ਥਪਥਪਾਉਂਦਿਆਂ ਜਿੱਤ ਦਾ ਦਾਅਵਾ ਕੀਤਾ ਹੈ | ਪਾਕਿ ਦੇ ਜਲ ਸਰੋਤ ਮੰਤਰਾਲੇ ਨੇ ਕਿਹਾ ਹੈ ਕਿ ਸਿੰਧੂ ਸੰਧੀ ਪੂਰੀ ਤਰ੍ਹਾਂ ਕਾਰਜਸ਼ੀਲ ਹੈ ਅਤੇ ਹੇਗ ਸਥਿਤ ਆਰਬਿਟਰੇਸ਼ਨ ਕੋਰਟ ਨੇ ਪਾਕਿ ਦੀਆਂ ਦਲੀਲਾਂ ਦਾ ਸਮਰਥਨ ਕੀਤਾ ਹੈ | ਦੂਜੇ ਪਾਸੇ, ਭਾਰਤ ਨੇ ਆਰਬਿਟਰੇਸ਼ਨ ਕੋਰਟ ਦੀ ਸੁਣਵਾਈ ਨੂੰ ਅਹਿਮੀਅਤ ਨਾ ਦਿੰਦਿਆਂ ਸਪਸ਼ਟ ਕੀਤਾ ਹੈ ਕਿ ਉਹ ਸਿੰਧੂ ਸੰਧੀ ਨੂੰ ਮੁਅੱਤਲ ਕਰਨ ਲਈ ਵਚਨਬੱਧ ਹੈ | ਪਾਕਿ ਦੇ ਜਲ ਮੰਤਰਾਲੇ ਦੇ ਸਕੱਤਰ ਸਈਦ ਅਲੀ ਮੁਰਤਜ਼ਾ ਨੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਨੂੰ ਲਿਖਿਆ ਹੈ ਕਿ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ | ਇਸ ਦੇ ਉਲਟ, ਪਾਕਿ ਦਾ ਮੰਨਣਾ ਹੈ ਕਿ ਸੰਧੀ ਕਾਰਜਸ਼ੀਲ ਹੈ ਅਤੇ ਪੂਰੀ ਤਰ੍ਹਾਂ ਪ੍ਰਭਾਵਸ਼ਾਲੀ ਹੈ ਅਤੇ ਆਰਬਿਟਰੇਸ਼ਨ ਕੋਰਟ ਨੇ ਵੀ ਪਾਕਿ ਦੇ ਰੁਖ਼ ਦਾ ਸਮਰਥਨ ਕੀਤਾ ਹੈ | ਮੁਰਤਜ਼ਾ ਨੇ ਇਸ ਨੂੰ ਪਾਕਿ ਲਈ ਇਕ ਵੱਡੀ ਜਿੱਤ ਦੱਸਿਆ, ਜਦਕਿ ਭਾਰਤ ਨੇ ਇਸ ਮਾਮਲੇ 'ਚ ਅਦਾਲਤ ਦੇ ਦਖ਼ਲ ਨੂੰ ਰੱਦ ਕੀਤਾ ਹੈ | ਭਾਰਤ ਨੇ ਕਿਹਾ ਹੈ ਕਿ ਉਹ ਟਿ੍ਬਿਊਨਲ ਨੂੰ ਗੈਰ-ਕਾਨੂੰਨੀ ਮੰਨਦਾ ਹੈ | ਭਾਰਤ ਨੇ ਟਿ੍ਬਿਊਨਲ ਦੇ ਪੂਰਕ ਪੁਰਸਕਾਰ ਅਤੇ ਸੰਚਾਲਨ ਡੇਟਾ ਮੰਗਣ ਵਾਲੇ ਸੰਮਣਾਂ ਦੀ ਪਾਲਣਾ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ |