ਚੰਡੀਗੜ੍ਹ, 10 ਅਪ੍ਰੈਲ (ਅਜੀਤ ਬਿਊਰੋ)-ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਪੰਜਾਬ ਭਵਨ ਵਿਖੇ ਨਵੇਂ ਤਰੱਕੀ ਪ੍ਰਾਪਤ ਮਾਲ ਅਧਿਕਾਰੀਆਂ ਨੂੰ ਤਰੱਕੀ ਪੱਤਰ ਸੌਂਪੇ | ਉਨ੍ਹਾਂ ਨੇ ਸੀਨੀਆਰਤਾ ਦੇ ਆਧਾਰ 'ਤੇ ਤਰੱਕੀ ਪ੍ਰਾਪਤ ਕਰਨ ਵਾਲੇ 14 ਤਹਿਸੀਲਦਾਰਾਂ ਅਤੇ 13 ਨਾਇਬ ਤਹਿਸੀਲਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਤਰੱਕੀਆਂ ਸੂਬੇ ਵਿਚ ਮਾਲ ਪ੍ਰਸ਼ਾਸਨ ਨੂੰ ਹੋਰ ਮਜ਼ਬੂਤ ਬਣਾਉਣ ਸਣੇ ਅਧਿਕਾਰੀਆਂ ਦੀ ਲਗਨ ਅਤੇ ਸਾਲਾਂ ਦੀ ਸੇਵਾ ਦਾ ਬਣਦਾ ਹੱਕ ਹਨ | ਕੈਬਨਿਟ ਮੰਤਰੀ ਨੇ ਦੱਸਿਆ ਕਿ ਪਦਉਨਤ ਕੀਤੇ ਅਧਿਕਾਰੀਆਂ ਦੀ ਤੈਨਾਤੀ ਉਨ੍ਹਾਂ ਵਲੋਂ ਸੌਂਪੇ ਤਿੰਨ ਮਨਪਸੰਦ ਸਟੇਸ਼ਨਾਂ ਦੀ ਸੂਚੀ ਵਿਚੋਂ ਇਕ ਉਪਰ ਉਨ੍ਹਾਂ ਦੀ ਰਿਹਾਇਸ਼ ਨੇੜੇ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਇਸ ਕਦਮ ਦਾ ਮਕਸਦ ਕੰਮ ਅਤੇ ਨਿੱਤ ਦੇ ਜੀਵਨ ਦਰਮਿਆਨ ਸੰਤੁਲਨ ਨੂੰ ਯਕੀਨੀ ਬਣਾਉਣਾ ਅਤੇ ਅਧਿਕਾਰੀਆਂ ਨੂੰ ਹੋਰ ਇਕਾਗਰਤਾ ਅਤੇ ਸਮਰਪਣ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਯੋਗ ਬਣਾਉਣਾ ਹੈ | ਸਮਾਗਮ ਦੌਰਾਨ ਸਕੱਤਰ ਮਾਲ-ਕਮ-ਡਾਇਰੈਕਟਰ ਆਫ਼ਤ ਪ੍ਰਬੰਧਨ ਮਨਵੇਸ਼ ਸਿੰਘ ਸਿੱਧੂ ਅਤੇ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ |